IND vs AUS: 8 ਮਹੀਨੇ ਬਾਅਦ ਖੇਡੇਗੀ ਟੀਮ ਇੰਡੀਆ ਪਹਿਲਾ ਕੌਮਾਂਤਰੀ ਮੈਚ, ਇੰਝ ਹੋ ਸਕਦੀ ਹੈ ਟੀਮ
Thursday, Nov 26, 2020 - 04:48 PM (IST)
ਸਪੋਰਟਸ ਡੈਸਕ— ਭਾਰਤ ਅਤੇ ਆਸਟਰੇਲੀਆ ਵਿਚਾਲੇ 3 ਵਨ-ਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਸ਼ੁੱਕਰਵਾਰ ਨੂੰ ਸਿਡਨੀ 'ਚ ਖੇਡਿਆ ਜਾਵੇਗਾ। ਟੀਮ ਇੰਡੀਆ ਵੱਲੋਂ ਕੋਰੋਨਾ ਵਾਇਰਸ ਕਾਰਨ 8 ਮਹੀਨਿਆਂ ਬਾਅਦ ਕੋਈ ਕੌਮਾਂਤਰੀ ਮੈਚ ਖੇਡਿਆ ਜਾਵੇਗਾ। ਸੀਮਿਤ ਓਵਰਾਂ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਉਨ੍ਹਾਂ ਦੀ ਹੈਮਸਟ੍ਰਿੰਗ ਸੱਟ ਕਾਰਨ ਵਨ-ਡੇ ਅਤੇ ਟੀ-20 ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਹੈ। ਉਨ੍ਹਾਂ ਦੀ ਗ਼ੈਰਮੌਜੂਦਗੀ 'ਚ ਸ਼ਿਖਰ ਧਵਨ ਦੇ ਜੋੜੀਦਾਰ ਦੇ ਰੂਪ 'ਚ ਲੋਕੇਸ਼ ਰਾਹੁਲ ਓਪਨਿੰਗ ਕਰ ਸਕਦੇ ਹਨ। ਰਾਹੁਲ ਨੇ ਆਈ. ਪੀ. ਐੱਲ. 13 'ਚ ਕਿੰਗਜ਼ ਇਲੈਵਨ ਪੰਜਾਬ ਵੱਲੋਂ ਖੇਡਦੇ ਹੋਏ ਟੂਰਨਾਮੈਂਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ।
ਰਾਹੁਲ ਇਸ ਸਾਲ ਦੇ ਸ਼ੁਰੂ 'ਚ ਆਸਟਰੇਲੀਆ ਖ਼ਿਲਾਫ ਭਾਰਤ ਦੀ ਵਨਡੇ ਸੀਰੀਜ਼ ਦੇ ਮੱਧਕ੍ਰਮ 'ਚ ਉਤਰੇ ਸਨ ਅਤੇ ਉਨ੍ਹਾਂ ਨੇ ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਕੀਤੀ ਸੀ ਪਰ ਰੋਹਿਤ ਦੇ ਬਾਹਰ ਹੋਣ ਕਾਰਨ ਉਨ੍ਹਾਂ ਨੂੰ ਓਪਨਿੰਗ 'ਚ ਮੌਕਾ ਦਿੱਤਾ ਜਾ ਸਕਦਾ ਹੈ ਜਿਸ ਨਾਲ ਭਾਰਤ ਸੀਰੀਜ਼ ਦੇ ਪਹਿਲੇ ਹੀ ਮੁਕਾਬਲੇ 'ਚ ਚੰਗੀ ਸ਼ੁਰੂਆਤ ਕਰੇ। ਖ਼ੁਦ ਰਾਹੁਲ ਨੇ ਕਿਹਾ ਕਿ ਉਹ ਟੀਮ ਦੀ ਜ਼ਰੂਰਤ ਦੇ ਮੁਤਾਬਕ ਕਿਸੇ ਵੀ ਸਥਾਨ 'ਤੇ ਖੇਡਣ ਲਈ ਤਿਆਰ ਹਨ।
ਇਹ ਵੀ ਪੜ੍ਹੋ : ਸੰਨਿਆਸ ਲੈਣ ਮਗਰੋਂ ਮਹਿੰਦਰ ਸਿੰਘ ਧੋਨੀ ਕਰ ਰਹੇ ਹਨ ਆਰਗੈਨਿਕ ਖੇਤੀ, ਵੇਚ ਰਹੇ ਹਨ ਟਮਾਟਰ ਅਤੇ ਦੁੱਧ
ਟੀਮ 'ਚ ਓਪਨਿੰਗ ਦੇ ਦਾਅਵੇਦਾਰ ਦੇ ਰੂਪ 'ਚ ਮਯੰਕ ਅਗਰਵਾਲ ਅਤੇ ਆਈ. ਪੀ. ਐੱਲ. 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸੰਜੂ ਸੈਮਸਨ ਵੀ ਸ਼ਾਮਲ ਹਨ। ਰਾਹੁਲ ਅਤੇ ਸੈਮਸਨ ਦੋਵੇਂ ਹੀ ਵਿਕਟਕੀਪਰ ਹਨ ਪਰ ਵਿਕਟਕੀਪਰ ਦੇ ਰੂਪ 'ਚ ਟੀਮ ਦੀ ਪਹਿਲੀ ਪਸੰਦ ਰਾਹੁਲ ਹੀ ਹੈ। ਕਪਤਾਨ ਵਿਰਾਟ ਕੋਹਲੀ ਤੀਜੇ ਨੰਬਰ 'ਤੇ ਖੇਡਣ ਉਤਰਨਗੇ। ਵਿਰਾਟ ਇਸ ਸੀਰੀਜ਼ 'ਚ 12000 ਦੌੜਾਂ ਪੂਰੀਆਂ ਕਰਨ ਦੀ ਉਪਲਬਧੀ ਹਾਸਲ ਕਰ ਸਕਦੇ ਹਨ। ਉਨ੍ਹਾਂ ਦੇ ਖ਼ਾਤੇ 'ਚ 248 ਮੈਚਾਂ 'ਚ 11867 ਦੌੜਾਂ ਹਨ। ਵਿਰਾਟ ਦੇ ਉੱਪਰ ਟੀਮ ਦੀ ਬੱਲੇਬਾਜ਼ੀ ਦਾ ਦਾਰੋਮਦਾਰ ਰਹੇਗਾ। ਰੋਹਿਤ ਦੇ ਬਾਹਰ ਹੋਣ ਨਾਲ ਸੀਮਿਤ ਫਾਰਮੈਟ 'ਚ ਵਿਰਾਟ ਦੀ ਜ਼ਿੰਮੇਵਾਰੀ ਕਾਫੀ ਜ਼ਿਆਦਾ ਵਧ ਜਾਂਦੀ ਹੈ।
ਇਹ ਵੀ ਪੜ੍ਹੋ : ਨਿਊਜ਼ੀਲੈਂਡ ਗਈ ਪਾਕਿ ਕ੍ਰਿਕਟ ਟੀਮ ਨੂੰ ਵੱਡਾ ਝਟਕਾ , 6 ਖਿਡਾਰੀ ਨਿਕਲੇ ਕੋਰੋਨਾ ਪਾਜ਼ੇਟਿਵ
ਆਪਣੀ ਕਪਤਾਨੀ 'ਚ ਦਿੱਲੀ ਕੈਪੀਟਲਸ ਨੂੰ ਆਈ. ਪੀ. ਐੱਲ. ਫ਼ਾਈਨਲ ਤਕ ਪਹੁੰਚਾਉਣ ਵਾਲੇ ਸ਼੍ਰੇਅਸ ਅਈਅਰ ਚੌਥੇ ਨੰਬਰ 'ਤੇ ਰਹਿਣਗੇ। ਮਨੀਸ਼ ਪਾਂਡੇ ਤੇ ਸ਼ੁੱਭਮਨ ਗਿੱਲ 'ਚੋਂ ਕੋਈ ਬੱਲੇਬਾਜ਼ ਪੰਜਵੇਂ ਨੰਬਰ 'ਤੇ ਖੇਡਣ ਉਤਰੇਗਾ। ਆਈ. ਪੀ. ਐੱਲ. 'ਚ ਖ਼ਾਸ ਬੱਲੇਬਾਜ਼ ਦੀ ਭੂਮਿਕਾ ਨਿਭਾਉਣ ਵਾਲੇ ਹਾਰਦਿਕ ਪੰਡਯਾ ਛੇਵੇਂ ਨੰਬਰ 'ਤੇ ਰਹਿਣਗੇ ਜਦਕਿ ਨਵੇਂ ਫਿਨਿਸ਼ਰ ਬਣਦੇ ਜਾ ਰਹੇ ਲੈਫ਼ਟ ਆਰਮ ਸਪਿਨਰ ਆਲਰਾਊਂਡਰ ਰਵਿੰਦਰ ਜਡੇਜਾ ਸਤਵੇਂ ਨੰਬਰ 'ਤੇ ਰਹਿਣਗੇ।
ਸਪਿਨਰ ਦੇ ਸਥਾਨ ਲਈ ਲੈੱਗ ਸਪਿਨਰ ਚਾਹਲ ਨੂੰ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ 'ਤੇ ਤਰਜੀਹ ਮਿਲ ਜਾਵੇਗੀ। ਤੇਜ਼ ਗੇਂਦਬਾਜ਼ੀ ਦਾ ਦਾਰੋਮਦਾਰ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ ਤੇ ਨਵਦੀਪ ਸੈਨੀ 'ਤੇ ਰਹੇਗਾ। ਆਖ਼ਰੀ ਗਿਆਰਾਂ 'ਚ ਜਗ੍ਹਾ ਬਣਾਉਣ ਲਈ ਸੈਨੀ ਨੂੰ ਸ਼ਾਰਦੁਲ ਠਾਕੁਰ ਤੋਂ ਟੱਕਰ ਮਿਲ ਸਕਦੀ ਹੈ।
ਸੰਭਾਵੀ ਭਾਰਤੀ ਟੀਮ
ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਸ਼ੁਭਮਨ ਗਿੱਲ, ਕੇ. ਐੱਲ. ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਹਾਰਦਿਕ ਪੰਡਯਾ, ਮਯੰਕ ਅਗਰਵਾਲ, ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਨਵਦੀਪ ਸੈਨੀ, ਸ਼ਾਰਦੁਲ ਠਾਕੁਰ।