ਹਾਂਗਕਾਂਗ ਸਿਕਸੈੱਸ ਵਿਚ ਪਾਕਿਸਤਾਨ ਹੱਥੋਂ ਹਾਰਿਆ ਭਾਰਤ
Saturday, Nov 02, 2024 - 12:21 PM (IST)
ਹਾਂਗਕਾਂਗ, (ਭਾਸ਼ਾ)- ਗੇਂਦਬਾਜ਼ਾਂ ਦੇ ਖਰਾਬ ਪ੍ਰਦਰਸ਼ਨ ਕਾਰਨ ਭਾਰਤ ਸ਼ੁੱਕਰਵਾਰ ਨੂੰ ਇੱਥੇ ਹਾਂਗਕਾਂਗ ਸਿਕਸੈੱਸ ਕ੍ਰਿਕਟ ਟੂਰਨਾਮੈਂਟ ਦੇ ਆਪਣੇ ਸ਼ੁਰੂਆਤੀ ਮੈਚ ਵਿਚ ਪੁਰਾਣੇ ਵਿਰੋਧੀ ਪਾਕਿਸਤਾਨ ਹੱਥੋਂ 6 ਵਿਕਟਾਂ ਨਾਲ ਹਾਰ ਗਿਆ। ਭਰਤ ਚਿਪਲੀ ਨੇ ਰਿਟਾਇਰਡ ਹਰਟ ਹੋ ਕੇ ਪੈਵੇਲੀਅਨ ਪਰਤਣ ਤੋਂ ਪਹਿਲਾਂ 16 ਗੇਂਦਾਂ ਵਿਚ 53 ਦੌੜਾਂ ਦੀ ਤੂਫਾਨੀ ਪਾਰੀ ਖੇਡੀ, ਜਿਸ ਨਾਲ ਭਾਰਤ ਨੇ ਨਿਰਧਾਰਿਤ 6 ਓਵਰਾਂ ਵਿਚ 119 ਦੌੜਾਂ ਬਣਾਈਆਂ। ਭਾਰਤੀ ਕਪਤਾਨ ਰੌਬਿਨ ਉਥੱਪਾ ਨੇ ਵੀ 8 ਗੇਂਦਾਂ ਵਿਚ 31 ਦੌੜਾਂ ਦਾ ਯੋਗਦਾਨ ਦਿੱਤਾ ਪਰ ਭਾਰਤੀ ਗੇਂਦਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ।
ਪਾਕਿਸਤਾਨ ਦੇ ਬੱਲੇਬਾਜ਼ਾਂ ਨੇ ਸ਼ੁਰੂ ਤੋਂ ਹੀ ਦਬਦਬਾ ਬਣਾਈ ਰੱਖਿਆ ਤੇ ਇਕ ਓਵਰ ਬਾਕੀ ਰਹਿੰਦਿਆਂ ਹੀ ਟੀਚਾ ਹਾਸਲ ਕਰ ਲਿਆ। ਪਾਕਿਸਤਾਨ ਦੀ ਜਿੱਤ ਵਿਚ ਆਸਿਫ ਅਲੀ ਨੇ ਅਹਿਮ ਭੂਮਿਕਾ ਨਿਭਾਈ। ਉਸ ਨੇ 14 ਗੇਂਦਾਂ ’ਤੇ 55 ਦੌੜਾਂ ਬਣਾ ਕੇ ਜਿੱਤ ਦੀ ਨੀਂਹ ਰੱਖੀ। ਆਸਿਫ ਅਲੀ ਅਰਧ ਸੈਂਕੜਾ ਬਣਾਉਣ ਤੋਂ ਬਾਅਦ ਰਿਟਾਇਰ ਹਰਟ ਹੋ ਗਿਆ। ਇਸ ਤੋਂ ਬਾਅਦ ਮੁਹੰਮਦ ਅਖਲਾਕ (12 ਗੇਂਦਾਂ ’ਤੇ ਅਜੇਤੂ 40) ਤੇ ਫਹੀਅਮ ਅਸ਼ਰਫ (5 ਗੇਂਦਾਂ ’ਚ ਅਜੇਤੂ 22) ਨੇ ਪਾਕਿਸਤਾਨ ਨੂੰ ਟੀਚੇ ਤੱਕ ਪਹੁੰਚਾਇਆ।