AFC ਅੰਡਰ-17 ਏਸ਼ਿਆਈ ਕੱਪ 'ਚ ਭਾਰਤ ਨੂੰ ਜਾਪਾਨ ਨਾਲ ਮਿਲੀ ਜਗ੍ਹਾ

Thursday, Mar 30, 2023 - 03:55 PM (IST)

AFC ਅੰਡਰ-17 ਏਸ਼ਿਆਈ ਕੱਪ 'ਚ ਭਾਰਤ ਨੂੰ ਜਾਪਾਨ ਨਾਲ ਮਿਲੀ ਜਗ੍ਹਾ

ਨਵੀਂ ਦਿੱਲੀ (ਭਾਸ਼ਾ)- ਥਾਈਲੈਂਡ ਵਿੱਚ 15 ਜੂਨ ਤੋਂ 2 ਜੁਲਾਈ ਤੱਕ ਹੋਣ ਵਾਲੇ ਏ.ਐੱਫ.ਸੀ. ਅੰਡਰ-17 ਏਸ਼ਿਆਈ ਕੱਪ ਫੁੱਟਬਾਲ ਟੂਰਨਾਮੈਂਟ ਲਈ ਭਾਰਤ ਨੂੰ ਗਰੁੱਪ ਡੀ ਵਿੱਚ ਜਾਪਾਨ, ਵੀਅਤਨਾਮ ਅਤੇ ਉਜ਼ਬੇਕਿਸਤਾਨ ਦੇ ਨਾਲ ਜਗ੍ਹਾ ਮਿਲੀ ਹੈ। ਡਰਾਅ ਸਮਾਰੋਹ ਬੈਂਕਾਕ ਵਿੱਚ ਆਯੋਜਿਤ ਕੀਤਾ ਗਿਆ। ਹਰੇਕ ਗਰੁੱਪ ਦੀਆਂ ਚੋਟੀ ਦੀਆਂ 2 ਟੀਮਾਂ ਨਾਕਆਊਟ ਪੜਾਅ 'ਚ ਜਗ੍ਹਾ ਬਣਾਉਣਗੀਆਂ। ਸੈਮੀਫਾਈਨਲ ਵਿਚ ਪੁੱਜਣ ਵਾਲੀਆਂ 4 ਟੀਮਾਂ ਪੇਰੂ ਵਿੱਚ ਹੋਣ ਵਾਲੇ 2023 ਫੀਫਾ ਅੰਡਰ-17 ਵਿਸ਼ਵ ਕੱਪ ਲਈ ਕੁਆਲੀਫਾਈ ਕਰਨਗੀਆਂ।

ਭਾਰਤੀ ਅੰਡਰ-17 ਪੁਰਸ਼ ਟੀਮ ਦੇਮੁੱਖ ਕੋਚ ਬਿਬਿਆਨੋ ਫਰਨਾਂਡਿਸ ਨੇ ਇੱਕ ਬਿਆਨ ਵਿੱਚ ਕਿਹਾ, “ਡਰਾਅ ਵਿਚ ਸਾਨੂੰ ਜਿਹੜੇ ਗਰੁੱਪ ਵਿੱਚ ਰੱਖਿਆ ਗਿਆ ਹੈ, ਉਸ ਨੂੰ ਲੈ ਅਸੀਂ ਬਹੁਤ ਖੁਸ਼ ਹਾਂ। ਖਿਡਾਰੀ ਇਸ ਨੂੰ ਲੈ ਕੇ ਉਤਸ਼ਾਹਤ ਹਨ। ਹਰ ਫੁਟਬਾਲਰ ਹਰ ਪੱਧਰ 'ਤੇ ਸਰਵੋਤਮ ਟੀਮ ਦੇ ਖਿਲਾਫ ਖੇਡਣਾ ਚਾਹੁੰਦਾ ਹੈ ਅਤੇ ਜਾਪਾਨ ਇਸ ਸਮੇਂ ਏਸ਼ੀਆ ਦੀਆਂ ਸਰਵਸ਼੍ਰੇਸ਼ਠ ਟੀਮਾਂ 'ਚੋਂ ਇਕ ਹੈ।'' ਉਨ੍ਹਾਂ ਕਿਹਾ, 'ਅਸੀਂ ਪਹਿਲਾਂ ਵੀ ਵੀਅਤਨਾਮ ਅਤੇ ਉਜ਼ਬੇਕਿਸਤਾਨ ਵਰਗੀਆਂ ਟੀਮਾਂ ਖ਼ਿਲਾਫ਼ ਖੇਡ ਚੁੱਕੇ ਹਾਂ ਅਤੇ ਅਸੀਂ ਉਨ੍ਹਾਂ ਖ਼ਿਲਾਫ਼ ਕੁਝ ਚੰਗੇ ਨਤੀਜੇ ਹਾਸਲ ਕੀਤੇ। ਇਸ ਲਈ ਅਸੀਂ (ਫੀਫਾ ਅੰਡਰ-17) ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਟੀਮ ਬਣਨ ਦੇ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਉਤਸ਼ਾਹਿਤ ਹਾਂ।' ਏ.ਐੱਫ.ਸੀ. ਅੰਡਰ-17 ਦਾ ਆਯੋਜਨ 4 ਸਥਾਨਾਂ 'ਤੇ ਕੀਤਾ ਜਾਵੇਗਾ, ਜਿਸ ਵਿਚ ਬੈਂਕਾਕ ਦਾ ਰਾਜਮੰਗਲਾ ਸਟੇਡੀਅਮ, ਪਾਥਮ ਥਾਨੀ ਵਿੱਚ ਥੰਮਸਾਤ ਅਤੇ ਬੀਜੀ ਸਟੇਡੀਅਮ ਅਤੇ ਚੋਨਬੁਰੀ ਵਿੱਚ ਚੋਨਬੁਰੀ ਸਟੇਡੀਅਮ ਸ਼ਾਮਲ ਹੈ।


author

cherry

Content Editor

Related News