ਭਾਰਤ ਪ੍ਰਮੁੱਖ ਦਾਅਵੇਦਾਰ ਪਰ ਨਿਊਜ਼ੀਲੈਂਡ ਟੀਮ ਵੀ ਬਹੁਤ ਮਜ਼ਬੂਤ : ਰਵੀ ਸ਼ਾਸਤਰੀ
Sunday, Mar 09, 2025 - 01:56 PM (IST)

ਦੁਬਈ– ਭਾਰਤ ਦੇ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਨਿਊਜ਼ੀਲੈਂਡ ਵਿਰੁੱਧ ਐਤਵਾਰ ਨੂੰ ਚੈਂਪੀਅਨਜ਼ ਟਰਾਫੀ ਫਾਈਨਲ ਵਿਚ ਭਾਰਤ ਨੂੰ ਪ੍ਰਮੁੱਖ ਦਾਅਵੇਦਾਰ ਦੱਸਿਆ ਹੈ ਪਰ ਕਿਹਾ ਕਿ ਫਾਇਦਾ ਜ਼ਿਆਦਾ ਨਹੀਂ ਹੋਵੇਗਾ ਕਿਉਂਕਿ ਨਿਊਜ਼ੀਲੈਂਡ ਕਾਫੀ ਮਜ਼ਬੂਤ ਟੀਮ ਹੈ।
ਭਾਰਤ ਦੇ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਜੇਕਰ ਭਾਰਤ ਨੂੰ ਕੋਈ ਟੀਮ ਹਰਾ ਸਕਦੀ ਹੈ ਤਾਂ ਉਹ ਨਿਊਜ਼ੀਲੈਂਡ ਹੈ। 62 ਸਾਲਾ ਸ਼ਾਸਤਰੀ ਨੇ ਨਿਊਜ਼ੀਲੈਂਡ ਦੇ 4 ਖਿਡਾਰੀਆਂ ਦਾ ਜ਼ਿਕਰ ਕੀਤਾ ਜਿਹੜੇ ਫਾਈਨਲ ਦਾ ਰੁਖ਼ ਬਦਲ ਸਕਦੇ ਹਨ। ਉਸ ਨੇ ਰਚਿਨ ਰਵਿੰਦਰ ਨੂੰ ‘ਬੇਹੱਦ ਪ੍ਰਤਿਭਾਸ਼ਾਲੀ’ ਕਰਾਰ ਦਿੱਤਾ ਜਦਕਿ ਕੇਨ ਵਿਲੀਅਮਸਨ ਦੀ ‘ਸਥਿਰਤਾ ਤੇ ਸੰਤ ਵਰਗੇ ਸ਼ਾਂਤ ਸੁਭਾਅ’ ਦੀ ਸ਼ਲਾਘਾ ਕੀਤੀ। ਉਸ ਨੇ ਕਪਤਾਨ ਮਿਸ਼ੇਲ ਸੈਂਟਨਰ ਨੂੰ ਬੁੱਧੀਮਾਨ ਕਪਤਾਨ ਤੇ ਗਲੇਨ ਫਿਲਿਪਸ ਨੂੰ ਟੀਮ ਦਾ ‘ਐਕਸ ਫੈਕਟਰ’ ਕਿਹਾ।
ਸ਼ਾਸਤਰੀ ਨੇ ਵਿਰਾਟ ਕੋਹਲੀ ਦੀ ਮੌਜੂਦਾ ਫਾਰਮ ਨੂੰ ‘ਗੇਮ ਚੇਂਜਰ’ ਕਰਾਰ ਦਿੱਤਾ ਜਦਕਿ ਫੈਸਲਾਕੁੰਨ ਪਲਾਂ ਵਿਚ ਚੰਗੇ ਪ੍ਰਦਰਸ਼ਨ ਲਈ ਵਿਲੀਅਮਸਨ ਦੀ ਵੀ ਸ਼ਲਾਘਾ ਕੀਤੀ।
ਉਸ ਨੇ ਕਿਹਾ,‘‘ਕੋਹਲੀ ਦੀ ਮੌਜੂਦਾ ਫਾਰਮ ਦੀ ਗੱਲ ਕਰੀਏ ਤਾਂ ਜੇਕਰ ਅਜਿਹੇ ਖਿਡਾਰੀਆਂ ਨੂੰ ਸ਼ੁਰੂਆਤੀ 10 ਦੌੜਾਂ ਬਣਾ ਲੈਣ ਦਿਓ ਤਾਂ ਬਾਅਦ ਵਿਚ ਉਹ ਲੰਬਾ ਖੇਡਦੇ ਹਨ, ਵਿਲੀਅਮਸਨ ਹੋਵੇ ਜਾਂ ਕੋਹਲੀ। ਨਿਊਜ਼ੀਲੈਂਡ ਲਈ ਮੈਂ ਕਹਾਂਗਾ ਵਿਲੀਅਮਸਨ। ਕੁਝ ਹੱਦ ਤੱਕ ਰਵਿੰਦਰ ਵੀ ਜਿਹੜਾ ਸ਼ਾਨਦਾਰ ਨੌਜਵਾਨ ਖਿਡਾਰੀ ਹੈ।’’
25 ਸਾਲਾ ਰਵਿੰਦਰ ਆਈ. ਸੀ. ਸੀ. 50 ਓਵਰਾਂ ਦੇ ਟੂਰਨਾਮੈਂਟ ਵਿਚ 5 ਸੈਂਕੜੇ ਲਾ ਚੁੱਕਾ ਹੈ ਤੇ ਅਜਿਹਾ ਕਰਨ ਵਾਲਾ ਸਭ ਤੋਂ ਨੌਜਵਾਨ ਖਿਡਾਰੀ ਹੈ। ਸ਼ਾਸਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਕ੍ਰੀਜ਼ ਵਿਚ ਉਹ ਮੂਵ ਕਰਦਾ ਹੈ, ਮੈਨੂੰ ਬਹੁਤ ਪਸੰਦ ਹੈ। ਉਹ ਧਮਾਕੇਦਾਰ ਬੱਲੇਬਾਜ਼ੀ ਕਰਦਾ ਹੈ ਤੇ ਉਸਦੇ ਕੋਲ ਕਈ ਸ਼ਾਟਾਂ ਹਨ। ਉਹ ਬੇਹੱਦ ਪ੍ਰਭਾਵਸ਼ਾਲੀ ਹੈ।’’