ਸ਼ਿਵਮ ਦੂਬੇ ਦੀ 'ਤੂਫਾਨੀ ਪਾਰੀ' ਗਈ ਬੇਕਾਰ, ਨਿਊਜ਼ੀਲੈਂਡ ਨੇ ਭਾਰਤ ਨੂੰ 50 ਦੌੜਾਂ ਨਾਲ ਹਰਾਇਆ
Wednesday, Jan 28, 2026 - 10:45 PM (IST)
ਸਪੋਰਟਸ ਡੈਸਕ- ਵਿਸ਼ਾਖਾਪਟਨਮ ਦੇ ਡਾ. ਵਾਈ.ਐੱਸ. ਰਾਜਸ਼ੇਖਰ ਰੈੱਡੀ ਸਟੇਡੀਅਮ ਵਿੱਚ ਖੇਡੇ ਗਏ ਚੌਥੇ ਟੀ-20 ਮੁਕਾਬਲੇ ਵਿੱਚ ਨਿਊਜ਼ੀਲੈਂਡ ਨੇ ਭਾਰਤੀ ਟੀਮ ਨੂੰ 50 ਦੌੜਾਂ ਨਾਲ ਹਰਾ ਕੇ ਵਾਪਸੀ ਕੀਤੀ ਹੈ। ਭਾਵੇਂ ਸੂਰਿਆਕੁਮਾਰ ਯਾਦਵ ਦੀ ਕਪਤਾਨੀ ਹੇਠ ਭਾਰਤੀ ਟੀਮ ਪਹਿਲਾਂ ਹੀ 5 ਮੈਚਾਂ ਦੀ ਇਸ ਸੀਰੀਜ਼ ਵਿੱਚ 3-1 ਦੀ ਅਜੇਤੂ ਬੜ੍ਹਤ ਬਣਾ ਕੇ ਕਬਜ਼ਾ ਕਰ ਚੁੱਕੀ ਹੈ ਪਰ ਇਸ ਮੈਚ ਵਿੱਚ ਕੀਵੀ ਟੀਮ ਨੇ ਭਾਰਤ ਦੇ ਲਗਾਤਾਰ ਜਿੱਤਾਂ ਦੇ ਸਿਲਸਿਲੇ ਨੂੰ ਰੋਕ ਦਿੱਤਾ।
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਓਪਨਰ ਟਿਮ ਸੇਫਰਟ (62 ਦੌੜਾਂ) ਅਤੇ ਡੇਵੋਨ ਕੌਨਵੇ (44 ਦੌੜਾਂ) ਨੇ ਪਹਿਲੇ ਵਿਕਟ ਲਈ ਸਿਰਫ਼ 100 ਦੌੜਾਂ ਦੀ ਤੂਫਾਨੀ ਸਾਂਝੇਦਾਰੀ ਕੀਤੀ। ਅਖੀਰ ਵਿੱਚ ਡੇਰਿਲ ਮਿਸ਼ੇਲ ਨੇ 18 ਗੇਂਦਾਂ 'ਤੇ ਨਾਬਾਦ 39 ਦੌੜਾਂ ਦੀ ਪਾਰੀ ਖੇਡ ਕੇ ਟੀਮ ਦਾ ਸਕੋਰ 7 ਵਿਕਟਾਂ ਦੇ ਨੁਕਸਾਨ 'ਤੇ 215 ਦੌੜਾਂ ਤੱਕ ਪਹੁੰਚਾਇਆ। ਭਾਰਤ ਵੱਲੋਂ ਕੁਲਦੀਪ ਯਾਦਵ ਨੇ 2 ਅਤੇ ਅਰਸ਼ਦੀਪ ਸਿੰਘ ਨੇ 1 ਵਿਕਟ ਹਾਸਲ ਕੀਤੀ।
216 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਨਿਰਾਸ਼ਾਜਨਕ ਰਹੀ। ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਪਹਿਲੀ ਹੀ ਗੇਂਦ 'ਤੇ ਆਊਟ ਹੋ ਗਏ ਅਤੇ ਕਪਤਾਨ ਸੂਰਿਆਕੁਮਾਰ ਯਾਦਵ ਵੀ ਬਿਨਾਂ ਖਾਤਾ ਖੋਲ੍ਹੇ ਚੱਲਦੇ ਬਣੇ। ਸੰਜੂ ਸੈਮਸਨ ਨੇ 24 ਦੌੜਾਂ ਬਣਾਈਆਂ ਪਰ ਉਹ ਆਪਣੀ ਪਾਰੀ ਨੂੰ ਵੱਡਾ ਨਹੀਂ ਕਰ ਸਕੇ, ਜਦਕਿ ਹਾਰਦਿਕ ਪਾਂਡਿਆ ਸਿਰਫ਼ 2 ਦੌੜਾਂ ਬਣਾ ਕੇ ਆਊਟ ਹੋ ਗਏ। ਰਿੰਕੂ ਸਿੰਘ ਨੇ 39 ਦੌੜਾਂ ਬਣਾ ਕੇ ਸੰਘਰਸ਼ ਜ਼ਰੂਰ ਕੀਤਾ, ਪਰ ਦੂਜੇ ਪਾਸੇ ਤੋਂ ਵਿਕਟਾਂ ਡਿੱਗਦੀਆਂ ਰਹੀਆਂ।
ਇੱਕ ਸਮੇਂ ਜਦੋਂ ਭਾਰਤ ਨੇ 82 ਦੌੜਾਂ 'ਤੇ 5 ਵਿਕਟਾਂ ਗੁਆ ਦਿੱਤੀਆਂ ਸਨ, ਉਦੋਂ ਸ਼ਿਵਮ ਦੂਬੇ ਨੇ ਮੈਦਾਨ 'ਤੇ ਛੱਕਿਆਂ ਦੀ ਬਾਰਿਸ਼ ਕਰ ਦਿੱਤੀ। ਦੂਬੇ ਨੇ ਸਿਰਫ਼ 15 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ ਆਪਣੀ 23 ਗੇਂਦਾਂ ਦੀ ਪਾਰੀ ਵਿੱਚ 7 ਛੱਕੇ ਅਤੇ 3 ਚੌਕੇ ਜੜ ਕੇ 65 ਦੌੜਾਂ ਬਣਾਈਆਂ। ਪਰ ਉਨ੍ਹਾਂ ਦੇ ਰਨ-ਆਊਟ ਹੁੰਦੇ ਹੀ ਭਾਰਤ ਦੀਆਂ ਉਮੀਦਾਂ ਵੀ ਖ਼ਤਮ ਹੋ ਗਈਆਂ ਅਤੇ ਪੂਰੀ ਟੀਮ 18.4 ਓਵਰਾਂ ਵਿੱਚ 165 ਦੌੜਾਂ 'ਤੇ ਸਿਮਟ ਗਈ।
