ਲਿੰਕਨ ਅਣ-ਅਧਿਕਾਰਤ ਟੈਸਟ: ਪਡਿੱਕਲ ਅਤੇ ਸੁਦਰਸ਼ਨ ਦੀ ਅਟੁੱਟ ਭਾਈਵਾਲੀ ਨਾਲ ਭਾਰਤ ''ਏ'' ਮੁਸ਼ਕਲ ਤੋਂ ਉਭਾਰਿਆ

Sunday, Oct 25, 2026 - 04:17 PM (IST)

ਲਿੰਕਨ ਅਣ-ਅਧਿਕਾਰਤ ਟੈਸਟ: ਪਡਿੱਕਲ ਅਤੇ ਸੁਦਰਸ਼ਨ ਦੀ ਅਟੁੱਟ ਭਾਈਵਾਲੀ ਨਾਲ ਭਾਰਤ ''ਏ'' ਮੁਸ਼ਕਲ ਤੋਂ ਉਭਾਰਿਆ

ਲਿੰਕਨ : ਨਿਊਜ਼ੀਲੈਂਡ 'ਏ' ਖ਼ਿਲਾਫ਼ ਖੇਡੇ ਜਾ ਰਹੇ ਚਾਰ-ਦਿਨਾ ਅਣ-ਅਧਿਕਾਰਤ ਟੈਸਟ ਮੈਚ ਦੇ ਦੂਜੇ ਦਿਨ ਭਾਰਤ 'ਏ' ਨੇ ਆਪਣੀ ਦੂਜੀ ਪਾਰੀ ਵਿੱਚ ਜ਼ਬਰਦਸਤ ਵਾਪਸੀ ਕਰਦਿਆਂ ਦਿਨ ਦੀ ਖੇਡ ਖ਼ਤਮ ਹੋਣ ਤੱਕ 2 ਵਿਕਟਾਂ 'ਤੇ 106 ਦੌੜਾਂ ਬਣਾ ਲਈਆਂ ਹਨ। ਪਹਿਲੀ ਪਾਰੀ ਵਿੱਚ ਮਹਿਜ਼ 113 ਦੌੜਾਂ 'ਤੇ ਢੇਰ ਹੋਣ ਤੋਂ ਬਾਅਦ ਭਾਰਤੀ ਟੀਮ ਅਜੇ ਵੀ ਨਿਊਜ਼ੀਲੈਂਡ 'ਏ' ਤੋਂ 98 ਦੌੜਾਂ ਪਿੱਛੇ ਹੈ।

ਦੂਜੀ ਪਾਰੀ ਵਿੱਚ ਵੀ ਭਾਰਤ 'ਏ' ਦੀ ਸ਼ੁਰੂਆਤ ਬਹੁਤ ਨਿਰਾਸ਼ਾਜਨਕ ਰਹੀ। ਓਪਨਰ ਯਸ਼ਸਵੀ ਜਾਇਸਵਾਲ (5) ਅਤੇ ਕੇ.ਐੱਲ. ਰਾਹੁਲ (4) ਲਗਾਤਾਰ ਦੂਜੀ ਵਾਰ ਫਲਾਪ ਰਹੇ, ਜਿਸ ਨਾਲ ਟੀਮ ਨੇ 10 ਦੌੜਾਂ 'ਤੇ ਹੀ 2 ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਦੇਵਦੱਤ ਪਡਿੱਕਲ (ਨਾਬਾਦ 56) ਅਤੇ ਸਾਈ ਸੁਦਰਸ਼ਨ (ਨਾਬਾਦ 39) ਨੇ ਤੀਜੀ ਵਿਕਟ ਲਈ 96 ਦੌੜਾਂ ਦੀ ਅਟੁੱਟ ਭਾਈਵਾਲੀ ਕਰਕੇ ਭਾਰਤੀ ਪਾਰੀ ਨੂੰ ਸੰਭਾਲਿਆ। ਪਡਿੱਕਲ ਨੇ ਆਪਣੀ ਪਾਰੀ 'ਚ 9 ਚੌਕੇ ਲਗਾਏ, ਜਦਕਿ ਸੁਦਰਸ਼ਨ ਨੇ 5 ਚੌਕੇ ਜੜੇ।

ਇਸ ਤੋਂ ਪਹਿਲਾਂ ਨਿਊਜ਼ੀਲੈਂਡ 'ਏ' ਨੇ 3 ਵਿਕਟਾਂ 'ਤੇ 135 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਪਹਿਲੀ ਪਾਰੀ ਵਿੱਚ 317 ਦੌੜਾਂ ਬਣਾ ਕੇ 204 ਦੌੜਾਂ ਦੀ ਵੱਡੀ ਲੀਡ ਹਾਸਲ ਕੀਤੀ। ਮੇਜ਼ਬਾਨ ਟੀਮ ਲਈ ਕਪਤਾਨ ਰੀਸ ਮਾਰਿਊ ਨੇ 76 ਅਤੇ ਡੀਨ ਫੌਕਸਕਰੌਫ਼ਟ ਨੇ 51 ਦੌੜਾਂ ਬਣਾਈਆਂ। ਭਾਰਤ ਵੱਲੋਂ ਗੇਂਦਬਾਜ਼ ਅੰਸ਼ੁਲ ਕੰਬੋਜ (3/52) ਅਤੇ ਔਕਿਬ ਨਬੀ (3/69) ਨੇ 3-3 ਵਿਕਟਾਂ ਹਾਸਲ ਕੀਤੀਆਂ, ਜਦਕਿ ਆਕਾਸ਼ ਦੀਪ ਨੇ 2, ਅਤੇ ਮੁਕੇਸ਼ ਚੌਧਰੀ ਤੇ ਵਾਸ਼ਿੰਗਟਨ ਸੁੰਦਰ ਨੇ 1-1 ਵਿਕਟ ਲਈ।


author

Tarsem Singh

Content Editor

Related News