ਭਾਰਤ ਨੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਇਲੈਵਨ ਨੂੰ 6 ਵਿਕਟਾਂ ਨਾਲ ਹਰਾਇਆ

Sunday, Dec 01, 2024 - 06:01 PM (IST)

ਭਾਰਤ ਨੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਇਲੈਵਨ ਨੂੰ 6 ਵਿਕਟਾਂ ਨਾਲ ਹਰਾਇਆ

ਕੈਨਬਰਾ : ਹਰਸ਼ਿਤ ਰਾਣਾ (ਚਾਰ ਵਿਕਟਾਂ), ਸ਼ੁਭਮਨ ਗਿੱਲ (ਅਜੇਤੂ 50), ਯਸ਼ਸਵੀ ਜਾਇਸਵਾਲ (45), ਨਿਤੀਸ਼ ਕੁਮਾਰ ਰੈੱਡੀ (42) ਦੀਆਂ ਸ਼ਾਨਦਾਰ ਪਾਰੀਆਂ ਤੋਂ ਬਾਅਦ ਭਾਰਤ ਨੇ ਐਤਵਾਰ ਨੂੰ ਮੈਨੂਕਾ ਓਵਲ ਵਿੱਚ ਖੇਡੇ ਗਏ ਅਭਿਆਸ ਮੈਚ ਵਿੱਚ ਆਸਟਰੇਲੀਆਈ ਮੰਤਰੀ ਇਲੈਵਨ ਨੂੰ ਛੇ ਵਿਕਟਾਂ ਨਾਲ ਹਰਾਇਆ।

241 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਲਈ ਯਸ਼ਸਵੀ ਜਾਇਸਵਾਲ ਅਤੇ ਕੇਐਲ ਰਾਹੁਲ ਦੀ ਸਲਾਮੀ ਜੋੜੀ ਨੇ ਚੰਗੀ ਸ਼ੁਰੂਆਤ ਕੀਤੀ। ਇਸ ਦੌਰਾਨ ਕੇਐੱਲ ਰਾਹੁਲ (ਨਾਬਾਦ 27) ਰਨ 'ਤੇ ਰਿਟਾਇਰ ਹੋ ਗਏ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਸ਼ੁਭਮਨ ਗਿੱਲ ਨੇ ਜਾਇਸਵਾਲ ਨਾਲ ਮਿਲ ਕੇ ਪਾਰੀ ਨੂੰ ਸੰਭਾਲਿਆ। ਚਾਰਲੀ ਐਂਡਰਸਨ ਨੇ 17ਵੇਂ ਓਵਰ ਵਿੱਚ ਯਸ਼ਸਵੀ ਜਾਇਸਵਾਲ (45) ਨੂੰ ਆਊਟ ਕਰਕੇ ਆਸਟਰੇਲੀਆ ਨੂੰ ਪਹਿਲੀ ਸਫਲਤਾ ਦਿਵਾਈ।

ਕਪਤਾਨ ਰੋਹਿਤ ਸ਼ਰਮਾ ਇਕ ਵਾਰ ਫਿਰ ਅਸਫਲ ਰਹੇ ਅਤੇ ਤਿੰਨ ਦੌੜਾਂ ਬਣਾ ਕੇ ਆਊਟ ਹੋ ਗਏ। ਸ਼ੁਭਮਨ ਗਿੱਲ (ਅਜੇਤੂ 50) ਦੌੜਾਂ ਬਣਾ ਕੇ ਰਿਟਾਇਰ ਹੋ ਗਏ। ਨਿਤੀਸ਼ ਕੁਮਾਰ ਰੈੱਡੀ ਨੇ (42) ਦੌੜਾਂ ਦੀ ਪਾਰੀ ਖੇਡੀ। ਰਵਿੰਦਰ ਜਡੇਜਾ (27) ਅਤੇ ਸਰਫਰਾਜ਼ ਖਾਨ (1) ਦੌੜਾਂ ਬਣਾ ਕੇ ਆਊਟ ਹੋਏ। ਵਾਸ਼ਿੰਗਟਨ ਸੁੰਦਰ (37) ਅਤੇ ਦੇਵਦੱਤ ਪਾਦਕਿਲ (ਤਿੰਨ) ਅਜੇਤੂ ਰਹੇ। ਭਾਰਤ ਨੇ 46 ਓਵਰਾਂ ਵਿੱਚ ਪੰਜ ਵਿਕਟਾਂ ’ਤੇ 256 ਦੌੜਾਂ ਬਣਾਈਆਂ। ਭਾਰਤ ਨੇ ਇਹ ਮੈਚ ਛੇ ਵਿਕਟਾਂ ਨਾਲ ਜਿੱਤ ਲਿਆ।

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਇਲੈਵਨ ਲਈ ਚਾਰਲੀ ਐਂਡਰਸਨ ਨੇ ਦੋ ਵਿਕਟਾਂ ਲਈਆਂ। ਲੋਇਡ ਪੋਪ, ਮੈਟ ਰੇਨਸ਼ਾ ਅਤੇ ਜੈਕ ਕਲੇਟਨ ਨੇ ਇਕ-ਇਕ ਬੱਲੇਬਾਜ਼ ਨੂੰ ਆਊਟ ਕੀਤਾ। ਇਸ ਤੋਂ ਪਹਿਲਾਂ ਅੱਜ ਭਾਰਤੀ ਟੀਮ ਨੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਇਲੈਵਨ ਖਿਲਾਫ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੱਲੇਬਾਜ਼ੀ ਕਰਨ ਆਈ ਆਸਟ੍ਰੇਲੀਆਈ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ 22 ਦੇ ਸਕੋਰ 'ਤੇ ਦੋ ਵਿਕਟਾਂ ਗੁਆ ਦਿੱਤੀਆਂ।

ਮੁਹੰਮਦ ਸਿਰਾਜ ਨੇ ਮੈਟ ਰੇਨਸ਼ਾਅ ਨੂੰ ਆਊਟ ਕਰਕੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ। ਇਸ ਦੌਰਾਨ ਮੀਂਹ ਕਾਰਨ ਖੇਡ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ। ਜਦੋਂ ਖੇਡ ਦੁਬਾਰਾ ਸ਼ੁਰੂ ਹੋਈ ਤਾਂ ਆਕਾਸ਼ ਦੀਪ ਨੇ ਜੈਡਨ ਗੁਡਬਿਨ (ਚਾਰ) ਨੂੰ ਵਿਕਟਕੀਪਰ ਰਿਸ਼ਭ ਪੰਤ ਹੱਥੋਂ ਕੈਚ ਆਊਟ ਕਰਵਾ ਦਿੱਤਾ। ਇਸ ਤੋਂ ਬਾਅਦ ਜੈਕ ਕਲੇਟਨ ਨੇ ਸੈਮ ਕੋਂਸਟਾਸ ਦੇ ਨਾਲ ਪਾਰੀ ਨੂੰ ਸੰਭਾਲਿਆ। ਤੀਜੇ ਵਿਕਟ ਲਈ ਦੋਵਾਂ ਬੱਲੇਬਾਜ਼ਾਂ ਵਿਚਾਲੇ 109 ਦੌੜਾਂ ਦੀ ਸਾਂਝੇਦਾਰੀ ਹੋਈ। 23ਵੇਂ ਓਵਰ ਵਿੱਚ ਹਰਸ਼ਿਤ ਰਾਣਾ ਨੇ ਇੱਕ ਓਵਰ ਵਿੱਚ ਆਸਟਰੇਲੀਆ ਨੂੰ ਦੋ ਝਟਕੇ ਦਿੱਤੇ।

ਹਰਸ਼ਿਤ ਨੇ ਪਹਿਲਾਂ ਜੈਕ ਕਲੇਟਨ (40) ਨੂੰ ਬੋਲਡ ਕੀਤਾ ਅਤੇ ਫਿਰ ਓਲੀਵਰ ਡੇਵਿਸ (0) ਨੂੰ ਬੋਲਡ ਕਰ ਕੇ ਪੈਵੇਲੀਅਨ ਭੇਜ ਦਿੱਤਾ। ਕਪਤਾਨ ਜੇਕ ਐਡਵਰਡਸ (ਇਕ) ਅਤੇ ਸੈਮ ਹਾਰਪਰ (0) ਵੀ ਹਰਸ਼ਿਤ ਦਾ ਸ਼ਿਕਾਰ ਬਣੇ। ਹੈਨੋ ਜੈਕਬਸ (60) ਨੂੰ ਵਾਸ਼ਿੰਗਟਨ ਸੁੰਦਰ ਨੇ ਆਊਟ ਕੀਤਾ। ਸੈਮ ਕੋਂਸਟਾਸ (107) ਅੱਠਵੀਂ ਵਿਕਟ ਲਈ ਆਊਟ ਹੋਏ। ਅਕਾਸ਼ਦੀਪ ਨੇ ਉਸ ਨੂੰ ਸੈਣੀ ਹੱਥੋਂ ਕੈਚ ਆਊਟ ਕਰਵਾਇਆ। ਜੈਕ ਨਿਸਬੇਟ (11) ਅਤੇ ਏਡਨ ਓ ਕੋਨਰ (ਚਾਰ) ਦੌੜਾਂ ਬਣਾ ਕੇ ਆਊਟ ਹੋ ਗਏ। ਆਸਟ੍ਰੇਲੀਆਈ ਪ੍ਰਧਾਨ ਮੰਤਰੀ ਇਲੈਵਨ 43.2 ਓਵਰਾਂ ਵਿੱਚ 240 ਦੌੜਾਂ 'ਤੇ ਆਲ ਆਊਟ ਹੋ ਗਈ। ਭਾਰਤ ਵੱਲੋਂ ਹਰਸ਼ਿਤ ਰਾਣਾ ਨੇ ਚਾਰ, ਆਕਾਸ਼ ਦੀਪ ਨੇ ਦੋ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ, ਵਾਸ਼ਿੰਗਟਨ ਸੁੰਦਰ ਅਤੇ ਰਵਿੰਦਰ ਜਡੇਜਾ ਨੇ ਇੱਕ-ਇੱਕ ਬੱਲੇਬਾਜ਼ ਨੂੰ ਆਊਟ ਕੀਤਾ।


author

Tarsem Singh

Content Editor

Related News