ਭਾਰਤ ਨੇ WTC ਫਾਈਨਲ ਲਈ ਤਿਆਰੀਆਂ ਕੀਤੀਆਂ ਸ਼ੁਰੂ
Friday, May 26, 2023 - 04:53 PM (IST)
ਲੰਡਨ (ਵਾਰਤਾ)– ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਆਪਣੀਆਂ ਟੀਮਾਂ ਦੀ ਮੁਹਿੰਮ ਦੀ ਸਮਾਪਤੀ ਤੋਂ ਬਾਅਦ ਲੰਡਨ ਪਹੁੰਚ ਚੁੱਕੇ ਭਾਰਤੀ ਖਿਡਾਰੀਆਂ ਨੇ ਆਸਟਰੇਲੀਆ ਵਿਰੁੱਧ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ. ) ਫਾਈਨਲ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ । ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ.ਆਈ.) ਨੇ ਵੀਰਵਾਰ ਨੂੰ ਇਸਦੀ ਜਾਣਕਾਰੀ ਦਿੰਦੇ ਹੋਏ ਟਵੀਟ ਕੀਤਾ, ‘‘ਭਾਰਤੀ ਟੀਮ ਦੀ ਨਵੀਂ ਟ੍ਰੇਨਿੰਗ ਕਿੱਟ ਦੀ ਘੁੰਡ ਚੁਕਾਈ ਕਰਦੇ ਹੋਏ, ਨਾਲ ਹੀ ਡਬਲਯੂ. ਟੀ. ਸੀ. ਫਾਈਨਲ ਦੀਆਂ ਤਿਆਰੀਆਂ ਵੀ ਸ਼ੁਰੂ ਹੋਈਆਂ।’’
ਜ਼ਿਕਰਯੋਗ ਹੈ ਕਿ ਬੀ. ਸੀ. ਸੀ. ਆਈ. ਨੇ ਸਪੋਰਟਸਵੀਅਰ ਬ੍ਰਾਂਡ ਐਡੀਡਾਸ ਦੇ ਨਾਲ 5 ਸਾਲ ਦਾ ਕਰਾਰ ਕੀਤਾ ਹੈ, ਜਿਸ ਦੇ ਤਹਿਤ ਭਾਰਤੀ ਟੀਮ ਦੀ ਜਰਸੀ ਤੇ ਕਿੱਟ ਬਦਲ ਗਈ ਹੈ। ਆਈ. ਪੀ. ਐੱਲ. ਦਾ ਸਫਰ ਖਤਮ ਹੋਣ ਤੋਂ ਬਾਅਦ ਕੋਚਿੰਗ ਸਟਾਫ ਦੇ ਨਾਲ-ਨਾਲ ਵਿਰਾਟ ਕੋਹਲੀ, ਆਰ. ਅਸ਼ਵਿਨ, ਉਮੇਸ਼ ਯਾਦਵ, ਸ਼ਾਰਦੁਲ ਠਾਕੁਰ, ਅਕਸ਼ਰ ਪਟੇਲ, ਮੁਹੰਮਦ ਸਿਰਾਜ ਤੇ ਜੈਦੇਵ ਉਨਾਦਕਤ ਲੰਡਨ ਰਵਾਨਾ ਹੋ ਚੁੱਕੇ ਹਨ। ਬੀ. ਸੀ. ਸੀ. ਆਈ. ਵਲੋਂ ਜਾਰੀ ਤਸਵੀਰਾਂ ’ਚ ਮੁੱਖ ਕੋਚ ਰਾਹੁਲ ਦ੍ਰਾਵਿੜ, ਬੱਲੇਬਾਜ਼ੀ ਕੋਚ ਵਿਕਰਮ ਰਾਠੌੜ, ਫੀਲਡਿੰਗ ਕੋਚ ਟੀ. ਦਿਲੀਪ ਤੇ ਗੇਂਦਬਾਜ਼ੀ ਕੋਚ ਪਾਰਸ ਮਹਾਮਬ੍ਰੇ ਦੇ ਨਾਲ ਸ਼ਾਰਦੁਲ ਤੇ ਉਮੇਸ਼ ਨਜ਼ਰ ਆਏ। ਭਾਰਤ ਤੇ ਲਗਾਤਾਰ ਦੂਜੀ ਵਾਰ ਖਿਤਾਬੀ ਮੁਕਾਬਲੇ ’ਚ ਜਗ੍ਹਾ ਬਣਾਈ ਹੈ ਜਦਕਿ ਪਿਛਲੀ ਵਾਰ ਉਸ ਨੂੰ ਨਿਊਜ਼ੀਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।