ਰਾਸ਼ਟਰਮੰਡਲ ਖੇਡਾਂ ''ਚ ਭਾਰਤ ਦਾ ਟੀਚਾ ਟਾਪ-2 ''ਚ ਆਉਣਾ

03/23/2018 3:33:50 AM

ਨਵੀਂ ਦਿੱਲੀ— ਭਾਰਤ ਦਾ 222 ਮੈਂਬਰੀ ਦਲ ਆਸਟਰੇਲੀਆ ਦੇ ਗੋਲਡ ਕੋਸਟ ਵਿਚ 4 ਅਪ੍ਰੈਲ ਤੋਂ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿਚ 15 ਪ੍ਰਤੀਯੋਗਿਤਾਵਾਂ ਵਿਚ ਆਪਣੀ ਸਖਤ ਚੁਣੌਤੀ ਪੇਸ਼ ਕਰੇਗਾ ਤੇ ਭਾਰਤ ਦਾ ਇਨ੍ਹਾਂ ਖੇਡਾਂ ਵਿਚ ਟਾਪ-2 ਵਿਚ ਆਉਣ ਦਾ ਟੀਚਾ ਹੈ।
ਭਾਰਤੀ ਖਿਡਾਰੀਆਂ ਲਈ ਵੀਰਵਾਰ ਨੂੰ ਇੱਥੇ ਭਾਰਤੀ ਓਲੰਪਿਕ ਸੰਘ (ਆਈ. ਓ.ਏ) ਨੇ ਵਿਦਾਈ ਸਮਾਰੋਹ ਆਯੋਜਿਤ ਕੀਤਾ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ,  ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਣ ਰਿਜਿਜੂ, ਆਈ. ਓ. ਏ. ਮੁਖੀ ਨਰਿੰਦਰ ਧਰੁਵ ਬੱਤਰਾ ਤੇ ਜਨਰਲ ਸਕੱਤਰ ਰਾਜੀਵ ਮਹਿਤਾ ਮੌਜੂਦ ਸਨ। ਉਨ੍ਹਾਂ ਦੇ ਇਲਾਵਾ ਕਈ ਖੇਡਾਂ ਦੇ ਖਿਡਾਰੀ ਤੇ ਅਧਿਕਾਰੀ ਵੀ ਮੌਜੂਦ ਸਨ।
ਭਾਰਤ 2010 ਵਿਚ ਆਪਣੀ ਮੇਜ਼ਬਾਨੀ ਵਿਚ ਹੋਈਆਂ ਦਿੱਲੀ ਰਾਸ਼ਟਰਮੰਡਲ ਖੇਡਾਂ ਵਿਚ 38 ਸੋਨ ਸਮੇਤ 101 ਤਮਗੇ ਜਿੱਤ ਕੇ ਦੂਜੇ ਸਥਾਨ 'ਤੇ ਰਿਹਾ ਸੀ ਜਦਕਿ 2014 ਵਿਚ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ 16 ਸੋਨ ਸਮੇਤ 64 ਤਮਗੇ ਜਿੱਤ ਕੇ ਪੰਜਵੇਂ ਸਥਾਨ 'ਤੇ ਰਿਹਾ ਸੀ।
ਦਲ ਪ੍ਰਮੁੱਖ ਸਿਸੋਦੀਆ ਨੇ ਦੱਸਿਆ ਕਿ ਉਹ 24 ਮਾਰਚ ਨੂੰ ਗੋਲਡ ਕੋਸਟ ਰਵਾਨਾ ਹੋ ਰਹੇ ਹਨ ਤੇ 25 ਮਾਰਚ ਨੂੰ ਖੇਡ ਪਿੰਡ ਖੁੱਲ੍ਹ ਜਾਵੇਗਾ। 26 ਤੇ 27 ਮਾਰਚ ਨੂੰ ਹੋਰ ਭਾਰਤੀ ਖਿਡਾਰੀ ਗੋਲਡ ਕੋਸਟ ਪਹੁੰਚਣਗੇ। 2 ਅਪ੍ਰੈਲ ਨੂੰ ਖਿਡਾਰੀਆਂ ਲਈ ਸਵਾਗਤ ਸਮਾਰੋਹ ਹੋਵੇਗਾ ਜਦਕਿ 4 ਅਪ੍ਰੈਲ ਨੂੰ ਉਦਘਾਟਨੀ ਸਮਾਰੋਹ ਹੋਵੇਗਾ।
ਭਾਰਤ ਇਨ੍ਹਾਂ ਖੇਡਾਂ 'ਚ ਲਵੇਗਾ ਹਿੱਸਾ 
ਗੋਲਡ ਕੋਸਟ ਖੇਡਾਂ ਵਿਚ ਭਾਰਤ ਤੈਰਾਕੀ, ਐਥਲੈਟਿਕਸ, ਬੈਡਮਿੰਟਨ, ਬਾਸਕਟਬਾਲ, ਮੁੱਕੇਬਾਜ਼ੀ, ਸਾਈਕਲਿੰਗ, ਜਿਮਨਾਸਟਿਕ, ਹਾਕੀ, ਲਾਅਨ ਬਾਲ, ਨਿਸ਼ਾਨੇਬਾਜ਼ੀ, ਸਕੁਐਸ਼, ਟੇਬਲ ਟੈਨਿਸ, ਵੇਟਲਿਫਟਿੰਗ, ਕੁਸ਼ਤੀ ਤੇ ਪੈਰਾ ਖੇਡਾਂ ਵਿਚ ਹਿੱਸਾ ਲਵੇਗਾ।


Related News