ਏਸ਼ੀਆਈ ਖੇਡਾਂ 2018 ''ਚ ਭਾਰਤ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ, ਹਾਸਲ ਕੀਤੇ 69 ਤਮਗੇ

Sunday, Sep 02, 2018 - 12:06 AM (IST)

ਏਸ਼ੀਆਈ ਖੇਡਾਂ 2018 ''ਚ ਭਾਰਤ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ, ਹਾਸਲ ਕੀਤੇ 69 ਤਮਗੇ

ਜਕਾਰਤਾ— ਭਾਰਤੀ ਮੁੱਕੇਬਾਜ਼ 22 ਸਾਲ ਦੇ ਅਮਿਤ ਪੰਘਲ ਨੇ 18ਵੀਆਂ ਏਸ਼ੀਆਈ ਖੇਡਾਂ ਵਿਚ ਸ਼ਨੀਵਾਰ ਨੂੰ ਪੁਰਸ਼ਾਂ ਦੇ 49 ਕਿ. ਗ੍ਰਾ. ਲਾਈਟ ਫਲਾਈ ਵਰਗ ਵਿਚ ਓਲੰਪਿਕ ਚੈਂਪੀਅਨ ਉਜ਼ਬੇਕਿਸਤਾਨ ਦੇ ਹਸਨਬੁਆਏ ਦੁਸਮਾਤੋਵ ਨੂੰ 3-2 ਨਾਲ ਹਰਾ ਕੇ ਭਾਰਤ ਨੂੰ ਇਨ੍ਹਾਂ ਖੇਡਾਂ ਦੇ ਮੁੱਕੇਬਾਜ਼ੀ ਮੁਕਾਬਲਿਆਂ ਵਿਚ ਪਹਿਲਾ ਸੋਨ ਤਮਗਾ ਦਿਵਾ ਦਿੱਤਾ। ਭਾਰਤ ਨੇ ਏਸ਼ੀਆਈ ਖੇਡਾਂ 'ਚ ਹੁਣ ਦੇ ਸਰਵਸ਼੍ਰੇਸਠ ਪ੍ਰਦਰਸ਼ਨ ਨਾਲ ਸ਼ਨੀਵਾਰ ਨੂੰ ਇੱਥੇ ਆਪਣੇ ਅਭਿਆਨ ਦਾ ਸ਼ਾਨਦਾਰ ਅੰਤ ਕੀਤਾ। ਭਾਰਤ ਨੇ ਇਨ੍ਹਾਂ ਖੇਡਾਂ 'ਚ 15 ਸੋਨ, 24 ਚਾਂਦੀ ਤੇ 30 ਕਾਂਸੀ ਤਮਗਿਆਂ ਸਮੇਤ 69 ਤਮਗੇ ਜਿੱਤੇ, ਜੋ ਹੁਣ ਤਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ।
ਭਾਰਤ ਦਾ 67 ਸਾਲਾਂ 'ਚ ਏਸ਼ੀਆਡ 'ਚ ਸਰਵਸ੍ਰੇਸ਼ਠ ਪ੍ਰਦਰਸ਼ਨ
ਭਾਰਤ ਨੇ 18ਵੀਆਂ ਏਸ਼ੀਆਈ ਖੇਡਾਂ ਵਿਚ ਪ੍ਰਤੀਯੋਗਿਤਾਵਾਂ ਦੇ ਆਖਰੀ ਦਿਨ ਸ਼ਨੀਵਾਰ ਨੂੰ ਮੁੱਕੇਬਾਜ਼ ਅਮਿਤ ਪੰਘਲ ਤੇ ਬ੍ਰਿਜ ਪੇਅਰ ਦੇ ਸੋਨ ਤਮਗੇ, ਮਹਿਲਾ ਸਕੁਐਸ਼ ਟੀਮ ਦੇ ਚਾਂਦੀ ਤਮਗੇ ਤੇ ਪੁਰਸ਼ ਹਾਕੀ ਟੀਮ ਦੇ ਕਾਂਸੀ ਤਮਗੇ ਦੇ ਨਾਲ ਏਸ਼ੀਆਈ ਖੇਡਾਂ ਵਿਚ 67 ਸਾਲਾਂ ਦੇ ਇਤਿਹਾਸ ਵਿਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰ ਦਿੱਤਾ।
ਭਾਰਤ ਨੇ 1951 ਵਿਚ ਨਵੀਂ ਦਿੱਲੀ ਵਿਚ ਆਪਣੀ ਮੇਜ਼ਬਾਨੀ ਵਿਚ ਹੋਈਆਂ ਪਹਿਲੀਆਂ ਏਸ਼ੀਆਈ ਖੇਡਾਂ ਵਿਚ 15 ਸੋਨ, 16 ਚਾਂਦ ਤੇ 20 ਕਾਂਸੀ ਸਮੇਤ ਕੁਲ 51 ਤਮਗੇ ਜਿੱਤੇ ਸਨ, ਜਿਹੜਾ ਇਨ੍ਹਾਂ ਖੇਡਾਂ ਤੋਂ ਪਹਿਲਾਂ ਤਕ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਸੀ। ਭਾਰਤ ਨੇ ਜਕਾਰਤਾ-ਪਾਲੇਮਬੈਂਗ ਵਿਚ ਹੋਈਆਂ 18ਵੀਆਂ ਏਸ਼ੀਆਈ ਖੇਡਾਂ ਵਿਚ 15 ਸੋਨਾ, 24 ਚਾਂਦੀ ਤੇ 30 ਕਾਂਸੀ ਸਮੇਤ ਕੁਲ 69 ਤਮਗੇ ਜਿੱਤ ਕੇ 67 ਸਾਲ ਪਹਿਲਾਂ ਦਾ ਨਵੀਂ ਦਿੱਲੀ ਦੇ ਪ੍ਰਦਰਸ਼ਨ ਨੂੰ ਪਿੱਛੇ ਛੱਡ ਦਿੱਤਾ। ਭਾਰਤ ਨੇ ਹਾਲਾਂਕਿ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਪਰ ਉਹ ਤਮਗਾ ਅੰਕ ਸੂਚੀ 'ਚ ਅੱਠਵੇਂ ਸਥਾਨ 'ਤੇ ਹੀ ਰਹਿ ਗਿਆ। 
ਭਾਰਤ ਕੋਲ 8 ਸਾਲ ਪਹਿਲਾਂ ਗਵਾਂਗਝੂ ਏਸ਼ੀਆਈ ਖੇਡਾਂ ਵਿਚ 1951 ਨੂੰ ਪਿੱਛੇ ਛੱਡਣ ਦਾ ਮੌਕਾ ਆਇਆ ਸੀ, ਜਦੋਂ ਉਸ ਨੇ 14 ਸੋਨ, 17 ਚਾਂਦੀ ਤੇ 34 ਕਾਂਸੀ ਸਮੇਤ ਕੁਲ 65 ਤਮਗੇ ਜਿੱਤੇ ਸਨ। ਕੁਲ ਤਮਗਿਆਂ ਦੇ ਲਿਹਾਜ਼ ਨਾਲ 65 ਤਮਗੇ ਭਾਰਤ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਸੀ ਪਰ ਇਸ ਵਾਰ ਭਾਰਤ ਉਸ ਤੋਂ ਕਿਤੇ ਅੱਗੇ ਨਿਕਲ ਚੁੱਕਾ ਹੈ। ਇਨ੍ਹਾਂ ਖੇਡਾਂ ਵਿਚ ਭਾਰਤ ਨੇ 572 ਮੈਂਬਰੀ ਦਲ ਉਤਾਰਿਆ ਸੀ ਤੇ ਕਈ ਖੇਡਾਂ ਵਿਚ ਭਾਰਤ ਨੇ ਇਤਿਹਾਸਕ ਪ੍ਰਦਰਸ਼ਨ ਕੀਤਾ। ਇੰਡੋਨੇਸ਼ੀਆ ਦਾ ਜਕਾਰਤਾ ਸ਼ਹਿਰ ਭਾਰਤ ਲਈ ਇਕ ਵਾਰ ਫਿਰ ਲੱਕੀ ਸਾਬਤ ਹੋਇਆ। ਜਕਾਰਤਾ ਨੇ 1962 ਵਿਚ ਪਹਿਲੀ ਵਾਰ ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ ਤੇ ਉਦੋਂ ਭਾਰਤ ਨੇ 12 ਸੋਨ, 13 ਚਾਂਦੀ ਤੇ 27 ਕਾਂਸੀ ਸਮੇਤ ਕੁਲ 52 ਤਮਗੇ ਜਿੱਤੇ ਸਨ।


Related News