IND vs SA : ਤੀਸਰੇ ਦਿਨ ਦੀ ਖੇਡ ਖਤਮ, ਦੱ. ਅਫੀਰਕਾ ਨੂੰ 118 ਦੌੜਾਂ ਦੀ ਬੜ੍ਹਤ

01/15/2018 10:45:32 PM

ਸੈਂਚੁਰੀਅਨ— ਟੀਮ ਦੀ ਚੋਣ ਨੂੰ ਲੈ ਕੇ ਆਲੋਚਨਾਵਾਂ ਦੇ ਬਾਵਜੂਦ ਕਪਤਾਨ ਵਿਰਾਟ ਕੋਹਲੀ ਨੇ ਦੱਖਣੀ ਅਫਰੀਕਾ ਵਿਰੁੱਧ ਦੂਜੇ ਕ੍ਰਿਕਟ ਟੈਸਟ ਮੈਚ 'ਚ 153 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ, ਜਿਸ ਨੂੰ ਵਿਦੇਸ਼ੀ ਧਰਤੀ 'ਤੇ ਕੁਝ ਚੋਟੀ ਦੇ ਭਾਰਤੀਆਂ ਦੀਆਂ ਪਾਰੀਆਂ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਵਿਰਾਟ ਦੀ ਇਸ ਪਾਰੀ ਦੀ ਬਦੌਲਤ ਭਾਰਤ ਨੇ ਤੀਜੇ ਦਿਨ ਸੋਮਵਾਰ ਆਪਣੀ ਪਹਿਲੀ ਪਾਰੀ 'ਚ 307 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਨੇ ਆਪਣੀ ਦੂਜੀ ਪਾਰੀ 'ਚ ਸਿਰਫ 3 ਦੌੜਾਂ 'ਤੇ ਦੋ ਵਿਕਟਾਂ ਗੁਆਉਣ ਦੇ ਬਾਵਜੂਦ ਸੰਭਲਦੇ ਹੋਏ ਮੀਂਹ ਤੇ ਖਰਾਬ ਰੌਸ਼ਨੀ ਨਾਲ ਪ੍ਰਭਾਵਿਤ ਤੀਜੇ ਸੈਸ਼ਨ ਵਿਚ ਆਪਣੇ ਸਕੋਰ ਨੂੰ 2 ਵਿਕਟਾਂ 'ਤੇ 90 ਦੌੜਾਂ ਤਕ ਪਹੁੰਚਾ ਦਿੱਤਾ। ਦੱਖਣੀ ਅਫਰੀਕਾ ਦੀ ਹੁਣ ਕੁਲ ਬੜ੍ਹਤ 118 ਦੌੜਾਂ ਦੀ ਹੋ ਚੁੱਕੀ ਹੈ। ਮੇਜ਼ਬਾਨ ਟੀਮ ਨੂੰ ਪਹਿਲੀ ਪਾਰੀ ਵਿਚ 28 ਦੌੜਾਂ ਦੀ ਬੜ੍ਹਤ ਮਿਲੀ ਸੀ। ਤੀਜੇ ਦਿਨ ਦੀ ਖੇਡ ਖਰਾਬ ਰੌਸ਼ਨੀ ਕਾਰਨ ਜਦੋਂ ਖਤਮ ਕੀਤੀ ਗਈ, ਉਦੋਂ ਦਿਨ ਵਿਚ 27 ਓਵਰ ਸੁੱਟੇ ਜਾਣ ਬਾਕੀ ਸਨ।
ਵਿਰਾਟ ਦੇ 21ਵੇਂ ਸੈਂਕੜੇ ਨਾਲ 307 ਦੌੜਾਂ ਬਣਾਉਣ ਤੋਂ ਬਾਅਦ ਭਾਰਤ ਨੇ ਦੂਜੀ ਪਾਰੀ ਵਿਚ ਸਨਸਨੀਖੇਜ਼ ਸ਼ੁਰੂਆਤ ਕੀਤੀ। ਜਸਪ੍ਰੀਤ ਬੁਮਰਾਹ ਨੇ ਦੂਜੇ ਓਵਰ ਵਿਚ ਐਡਨ ਮਾਰਕਰਮ ਤੇ ਛੇਵੇਂ ਓਵਰ ਵਿਚ ਹਾਸ਼ਿਮ ਅਮਲਾ ਨੂੰ ਐੱਲ. ਬੀ. ਡਬਲਯੂ. ਕਰ ਦਿੱਤਾ। ਦੋਵੇਂ ਬੱਲੇਬਾਜ਼ ਇਕ-ਇਕ ਦੌੜ ਹੀ ਬਣਾ ਸਕੇ। ਦੱਖਣੀ ਅਫਰੀਕਾ ਦੀਆਂ ਦੋ ਵਿਕਟਾਂ 3 ਦੌੜਾਂ 'ਤੇ ਡਿੱਗ ਚੁੱਕੀਆਂ ਸਨ। ਮੈਚ 'ਤੇ ਭਾਰਤ ਦਾ ਸ਼ਿਕੰਜਾ ਕੱਸ ਹੋ ਚੁੱਕਾ ਸੀ ਪਰ ਡੀਨ ਐਲਗਰ ਤੇ ਏ. ਬੀ. ਡਿਵਿਲੀਅਰਸ ਨੇ ਤੀਜੀ ਵਿਕਟ ਲਈ 23.3 ਓਵਰਾਂ ਵਿਚ 87 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰ ਕੇ ਦੱਖਣੀ ਅਫਰੀਕਾ ਨੂੰ ਸੰਕਟ 'ਚੋਂ ਬਾਹਰ ਕੱਢਿਆ। ਡਿਵਿਲੀਅਰਸ 78 ਗੇਂਦਾਂ 'ਤੇ ਅਜੇਤੂ 50 ਦੌੜਾਂ, ਜਦਕਿ ਐਲਗਰ 78 ਗੇਂਦਾਂ 'ਤੇ ਅਜੇਤੂ 36 ਦੌੜਾਂ ਬਣਾ ਚੁੱਕਾ ਹੈ। ਮੈਚ 'ਚ ਚੌਥੇ ਦਿਨ ਸਵੇਰ ਦਾ ਸੈਸ਼ਨ ਦੋਵਾਂ ਹੀ ਟੀਮਾਂ ਦੇ ਲਿਹਾਜ਼ ਨਾਲ ਬੇਹੱਦ ਮਹੱਤਵਪੂਰਨ ਹੋਵੇਗਾ।
ਇਸ ਤੋਂ ਪਹਿਲਾਂ ਭਾਰਤ ਨੇ ਸਵੇਰੇ ਆਪਣੀ ਪਹਿਲੀ ਪਾਰੀ ਕੱਲ ਦੀਆਂ 183 ਦੌੜਾਂ 'ਤੇ 5 ਵਿਕਟਾਂ ਤੋਂ ਅੱਗੇ ਸ਼ੁਰੁ ਕੀਤੀ। ਉਸ ਸਮੇਂ ਕਪਤਾਨ ਵਿਰਾਟ 85 ਦੌੜਾਂ ਤੇ ਆਲਰਾਊਂਡਰ ਹਾਰਦਿਕ ਪੰਡਯਾ 11 ਦੌੜਾਂ 'ਤੇ ਅਜੇਤੂ ਸਨ। ਵਿਰਾਟ ਨੇ ਇਕ ਪਾਸੇ ਆਪਣੇ ਮਸ਼ਹੂਰ ਅੰਦਾਜ਼ ਵਿਚ ਖੇਡਣਾ ਸ਼ੁਰੂ ਕੀਤਾ ਤੇ ਉਹ ਆਖਰੀ ਬੱਲੇਬਾਜ਼ ਦੇ ਰੂਪ 'ਚ 307 ਦੌੜਾਂ ਦੇ ਸਕੋਰ 'ਤੇ ਆਊਟ ਹੋਇਆ।
ਵਿਰਾਟ ਨੇ 217 ਗੇਂਦਾਂ ਦਾ ਸਾਹਮਣਾ ਕੀਤਾ ਤੇ 153 ਦੌੜਾਂ 'ਚ 15 ਚੌਕੇ ਲਾਏ। ਵਿਰਾਟ ਦਾ 65 ਟੈਸਟਾਂ 'ਚ ਇਹ 21ਵਾਂ ਸੈਂਕੜਾ ਹੈ ਤੇ ਵਿਦੇਸ਼ੀ ਧਰਤੀ 'ਤੇ ਉਸ ਦਾ ਇਹ ਤੀਜਾ ਸਰਵਸ੍ਰੇਸ਼ਠ ਸਕੋਰ ਹੈ। ਇਕ ਪਾਸੇ ਤੋਂ ਬੱਲੇਬਾਜ਼ਾਂ ਨੂੰ ਖਾਸ ਮਦਦ ਨਾ ਮਿਲਣ 'ਤੇ ਵੀ ਵਿਰਾਟ ਨੇ ਸਬਰ ਰੱਖਿਆ ਤੇ ਟੈਸਟ ਕਰੀਅਰ ਦਾ 21ਵਾਂ ਸੈਂਕੜਾ ਲਾਇਆ।
ਇਕ ਸਮੇਂ ਵੱਡੀ ਬੜ੍ਹਤ ਵੱਲ ਵਧਦੀ ਦਿਸ ਰਹੀ ਦੱਖਣੀ ਅਫਰੀਕਾ ਨੂੰ ਸਵੇਰ ਦੇ ਸੈਸ਼ਨ ਵਿਚ ਕਾਫੀ ਸੰਘਰਸ਼ ਕਰਨਾ ਪਿਆ ਪਰ ਫਿਰ ਨਵੀਂ ਗੇਂਦ ਨਾਲ ਉਸ ਨੂੰ ਵਿਕਟਾਂ ਮਿਲੀਆਂ ਤੇ ਬ੍ਰੇਕ ਤੋਂ 15 ਮਿੰਟ ਪਹਿਲਾਂ ਉਸ ਨੇ ਆਰ. ਅਸ਼ਵਿਨ (35) ਤੇ ਮੁਹੰਮਦ ਸ਼ੰਮੀ (01) ਦੀਆਂ ਵਿਕਟਾਂ ਕੱਢੀਆਂ।
ਇਸ ਤੋਂ ਪਹਿਲਾਂ ਵਿਰਾਟ ਨਾਲ ਇਕ ਪਾਸੇ 'ਤੇ ਡਟਿਆ ਹੋਇਆ ਅਜੇਤੂ ਬੱਲੇਬਾਜ਼ ਪੰਡਯਾ ਕੇਪਟਾਊਨ ਵਾਲੇ ਪ੍ਰਦਰਸ਼ਨ ਨੂੰ ਦੁਹਰਾਅ ਨਹੀਂ ਸਕਿਆ ਤੇ ਆਪਣੇ ਸਕੋਰ 'ਚ 4 ਦੌੜਾਂ ਦਾ ਹੀ ਵਾਧਾ ਕਰ ਸਕਿਆ। ਪੰਡਯਾ 15 ਦੌੜਾਂ ਬਣਾ ਕੇ ਟੀਮ ਦੇ ਸਕੋਰ 209 ਦੌੜਾਂ 'ਤੇ ਛੇਵੇਂ ਬੱਲੇਬਾਜ਼ ਦੇ ਰੂਪ ਵਿਚ ਆਊਟ ਹੋਇਆ। ਉਹ ਮੈਚ 'ਚ ਰਨ ਆਊਟ ਹੋਣ ਵਾਲਾ ਚੌਥਾ ਬੱਲੇਬਾਜ਼ ਵੀ ਬਣਿਆ। ਵਿਰਾਟ ਨੇ ਹਾਲਾਂਕਿ ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ਸਾਹਮਣੇ ਗੋਡੇ ਨਹੀਂ ਟੇਕੇ ਤੇ ਅਸ਼ਵਿਨ ਨਾਲ ਸੱਤਵੀਂ ਵਿਕਟ ਲਈ 14.2 ਓਵਰਾਂ 'ਚ 71 ਦੌੜਾਂ ਦੀ ਉਪਯੋਗੀ ਸਾਂਝੇਦਾਰੀ ਕੀਤੀ। ਹੇਠਲੇਕ੍ਰਮ ਵਿਚ ਹਮੇਸ਼ਾ ਉਪਯੋਗੀ ਸਾਬਤ ਹੋਣ ਵਾਲੇ ਅਸ਼ਵਿਨ ਨੇ 54 ਗੇਂਦਾਂ 'ਤੇ 38 ਦੌੜਾਂ ਬਣਾਈਆਂ।
ਇਸ ਸਾਂਝੇਦਾਰੀ ਦੇ ਟੁੱਟਣ ਨਾਲ ਵਿਰਾਟ ਸਭ ਤੋਂ ਵੱਧ ਨਿਰਾਸ਼ ਦਿਸਿਆ। ਉਥੇ ਹੀ ਟੀਮ ਦੀ ਅੱਠਵੀਂ ਵਿਕਟ ਇਕ ਦੌੜ ਬਾਅਦ ਹੀ ਸ਼ੰਮੀ ਦੇ ਰੂਪ 'ਚ ਡਿੱਗ ਗਈ। ਵਿਰਾਟ ਲੰਚ ਦੇ ਸਮੇਂ 141 ਦੌੜਾਂ ਬਣਾ ਕੇ ਅਜੇਤੂ ਕ੍ਰੀਜ਼ 'ਤੇ ਸੀ। ਲੰਚ ਤੋਂ ਬਾਅਦ ਮੋਰਕਲ ਨੇ ਇਸ਼ਾਂਤ ਦਾ ਸੰਘਰਸ਼ ਵੀ ਖਤਮ ਕਰ ਦਿੱਤਾ, ਜਿਸ ਨੇ ਆਪਣੇ ਕਪਤਾਨ ਨਾਲ 9ਵੀਂ ਵਿਕਟ ਲਈ 25 ਦੌੜਾਂ ਦੀ ਸਾਂਝੇਦਾਰੀ ਕੀਤੀ। ਵਿਰਾਟ 93ਵੇਂ ਓਵਰ ਦੀ ਪਹਿਲੀ ਗੇਂਦ 'ਤੇ ਮੋਰਕਲ ਦਾ ਸ਼ਿਕਾਰ ਬਣਿਆ ਤੇ ਇਸ ਦੇ ਨਾਲ ਹੀ ਭਾਰਤੀ ਪਾਰੀ ਖਤਮ ਹੋ ਗਈ।


Related News