ਆਗਾਮੀ ਟੈਸਟ ਲੜੀ ''ਚ ਭਾਰਜ ਜਿੱਤੇਗਾ ਜਾਂ ਇੰਗਲੈਂਡ ! ਸਾਬਕਾ ਖਿਡਾਰੀਆਂ ਨੇ ਦੱਸਿਆ ਕੌਣ ਹੈ ਦਾਅਵੇਦਾਰ
Tuesday, Jun 17, 2025 - 04:51 PM (IST)

ਸਪੋਰਟਸ ਡੈਸਕ- ਆਸਟ੍ਰੇਲੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਮੈਥਿਊ ਹੈਡਿਨ ਦਾ ਮੰਨਣਾ ਹੈ ਕਿ ਜੇਕਰ ਭਾਰਤ ਲੀਡਸ ਤੇ ਮਾਨਚੈਸਟਰ ਵਿਚ ਮੈਚ ਜਿੱਤਣ ਵਿਚ ਸਫਲ ਰਹਿੰਦਾ ਹੈ ਤਾਂ ਉਸ ਦੇ ਕੋਲ ਇੰਗਲੈਂਡ ਵਿਰੁੱਧ ਆਗਾਮੀ ਟੈਸਟ ਲੜੀ ਜਿੱਤਣ ਦਾ ਸ਼ਾਨਦਾਰ ਮੌਕਾ ਹੋਵੇਗਾ ਪਰ ਦੱਖਣੀ ਅਫਰੀਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਡੇਲ ਸਟੇਨ ਨੇ ਪੰਜ ਮੈਚਾਂ ਦੀ ਲੜੀ ਵਿਚ ਮੇਜ਼ਬਾਨ ਟੀਮ ਨੂੰ 3-2 ਨਾਲ ਜਿੱਤ ਦਾ ਦਾਅਵੇਦਾਰ ਦੱਸਿਆ। ਭਾਰਤ ਤੇ ਇੰਗਲੈਂਡ 5 ਮੈਚਾਂ ਦੀ ਲੜੀ ਦੇ ਨਾਲ ਆਪਣੇ ਨਵੇਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਪੜਾਅ ਦੀ ਸ਼ੁਰੂਆਤ ਕਰੇਗਾ।
ਹੈਡਿਨ ਨੇ ਕਿਹਾ, ‘‘ਮੈਨੂੰ ਨਹੀਂ ਲੱਗਦਾ ਕਿ ਇੰਗਲੈਂਡ ਦੇ ਗੇਂਦਬਾਜ਼ ਚੰਗੇ ਹਨ। ਉਸ ਦੇ ਕਈ ਗੇਂਦਬਾਜ਼ ਜ਼ਖ਼ਮੀ ਹਨ ਤੇ ਕਈ ਖਿਡਾਰੀ ਸੰਨਿਆਸ ਲੈ ਚੁੱਕੇ ਹਨ। ਉਸ ਦੇ ਲਈ ਇਹ ਵੱਡੀ ਚੁਣੌਤੀ ਹੋਵੇਗੀ। ਉੱਤਰੀ ਇੰਗਲੈਂਡ ਵਿਚ ਹੋਣ ਵਾਲੇ ਟੈਸਟ ਮੈਚ ਕਾਫੀ ਮਹੱਤਵਪੂਰਨ ਹੋਣਗੇ। ਭਾਰਤ ਜੇਕਰ ਇਨ੍ਹਾਂ ਮੈਚਾਂ ਵਿਚ ਜਿੱਤ ਹਾਸਲ ਕਰ ਲੈਂਦਾ ਹੈ ਤਾਂ ਉਹ ਲੜੀ ਆਪਣੇ ਨਾਂ ਕਰ ਸਕਦਾ ਹੈ।’’
ਭਾਰਤ ਦੇ ਇੰਗਲੈਂਡ ਦੇ ਪਿਛਲੇ ਦੌਰੇ ਤੋਂ ਬਾਅਦ ਤੋਂ ਮੇਜ਼ਬਾਨ ਟੀਮ ਦੇ ਦੋ ਸਭ ਤੋਂ ਤਜਰਬੇਕਾਰ ਗੇਂਦਬਾਜ਼ਾਂ ਜੇਮਸ ਐਂਡਰਸਨ ਤੇ ਸਟੂਅਰਟ ਬ੍ਰਾਡ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਇਹੀ ਨਹੀਂ, ਇੰਗਲੈਂਡ ਦੇ ਕੁਝ ਪ੍ਰਮੁੱਖ ਤੇਜ਼ ਗੇਂਦਬਾਜ਼ ਜ਼ਖ਼ਮੀ ਹਨ। ਤੇਜ਼ ਗੇਂਦਬਾਜ਼ ਮਾਰਕ ਵੁੱਡ ਸੱਟ ਕਾਰਨ ਘੱਟ ਤੋਂ ਘੱਟ ਪਹਿਲੇ ਤਿੰਨ ਟੈਸਟ ਮੈਚਾਂ ਵਿਚੋਂ ਬਾਹਰ ਹੋ ਗਿਆ ਹੈ। ਉਸਦਾ ਸਾਥੀ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਵੀ ਸ਼ੁਰੂਆਤੀ ਮੈਚ ਵਿਚ ਨਹੀਂ ਖੇਡ ਸਕੇਗਾ ਤੇ ਗਸ ਐਟਕਿੰਸਨ ਹੈਮਸਟ੍ਰਿੰਗ ਵਿਚ ਖਿਚਾਅ ਤੋਂ ਉੱਭਰ ਰਿਹਾ ਹੈ।
ਇਹ ਵੀ ਪੜ੍ਹੋ- ਪਿਤਾ ਬਣਨ ਜਾ ਰਿਹੈ U-19 ਵਿਸ਼ਵ ਕੱਪ ਜੇਤੂ ਟੀਮ ਦਾ ਧਾਕੜ ਖ਼ਿਡਾਰੀ ! ਪਤਨੀ ਨੇ ਅਨੋਖੇ ਅੰਦਾਜ਼ 'ਚ ਕੀਤਾ ਐਲਾਨ
ਉੱਥੇ ਹੀ, ਸਟੇਨ ਨੇ ਭਾਰਤ ਨੂੰ ਹਾਰਿਆ ਹੋਇਆ ਨਹੀਂ ਮੰਨਿਆ ਪਰ ਇੰਗਲੈਂਡ ਨੂੰ ਜਿੱਤ ਦਾ ਦਾਅਵੇਦਾਰ ਦੱਸਿਆ। ਉਸ ਨੇ ਕਿਹਾ, ‘‘ਭਾਰਤੀ ਟੀਮ ਕਾਫੀ ਨੌਜਵਾਨ ਹੈ। ਇਹ ਕਿਹਾ ਜਾ ਸਕਦਾ ਹੈ ਕਿ ਇੰਗਲੈਂਡ ਲੜੀ ਜਿੱਤਣ ਜਾ ਰਿਹਾ ਹੈ ਪਰ ਇਹ ਬਿਨਾਂ ਸੰਘਰਸ਼ ਦੇ ਨਹੀਂ ਹੋਣ ਵਾਲਾ ਹੈ। ਮੈਨੂੰ ਲੱਗਦਾ ਹੈ ਕਿ ਇਕ ਜਾਂ ਦੋ ਟੈਸਟ ਅਜਿਹੇ ਹੋਣਗੇ, ਜਿਨ੍ਹਾਂ ਨੂੰ ਭਾਰਤ ਆਪਣੇ ਨਾਂ ਕਰ ਸਕਦਾ ਹੈ।’’
ਦੱਖਣੀ ਅਫਰੀਕਾ ਦੇ ਇਸ ਕ੍ਰਿਕਟਰ ਨੇ ਕਿਹਾ ਕਿ ਸਾਰੇ ਮੈਚ ਨੇੜਲੇ ਹੋਣਗੇ ਪਰ ਹਰ ਮੈਚ ਦਾ ਨਤੀਜਾ ਨਿਕਲੇਗਾ। ਮੈਨੂੰ ਲੱਗਦਾ ਹੈ ਕਿ ਇਹ 3-2 ਨਾਲ ਇੰਗਲੈਂਡ ਦੇ ਪੱਖ ਵਿਚ ਹੋਵੇਗਾ।
ਸਾਬਕਾ ਭਾਰਤੀ ਕ੍ਰਿਕਟਰਾਂ ਦੀਪ ਦਾਸਗੁਪਤਾ ਤੇ ਸੰਜੇ ਮਾਂਜਰੇਕਰ ਨੇ ਵੀ ਇੰਗਲੈਂਡ ਨੂੰ ਲੜੀ ਵਿਚ ਜਿੱਤ ਦਾ ਦਾਅਵੇਦਾਰ ਦੱਸਿਆ ਪਰ ਨਾਲ ਹੀ ਕਿਹਾ ਕਿ ਮੁਕਾਬਲਾ ਕਾਫੀ ਨੇੜਲਾ ਹੋਵੇਗਾ। ਦਾਸਗੁਪਤਾ ਨੇ ਕਿਹਾ, ‘‘ਭਾਰਤੀ ਟੀਮ ਕਾਫੀ ਨੌਜਵਾਨ ਹੈ ਤੇ ਉਸਦਾ ਕਪਤਾਨ ਵੀ ਨੌਜਵਾਨ ਹੈ। ਟੀਮ ਬਦਲਾਅ ਦੇ ਦੌਰ ਵਿਚੋਂ ਲੰਘ ਰਹੀ ਹੈ, ਜਿਸ ਨਾਲ ਇੰਗਲੈਂਡ ਨੂੰ ਥੋੜ੍ਹਾ ਫਾਇਦਾ ਮਿਲੇਗਾ। ਇੰਗਲੈਂਡ ਦਾ ਘਰੇਲੂ ਮੈਦਾਨ ’ਤੇ ਖੇਡਣ ਦਾ ਵੀ ਫਾਇਦਾ ਮਿਲੇਗਾ ਪਰ ਇਹ ਲੜੀ ਕਾਫੀ ਨੇੜਲੀ ਹੋਵੇਗੀ। ਮੈਨੂੰ ਲੱਗਦਾ ਹੈ ਕਿ ਇੰਗਲੈਂਡ 3-2 ਨਾਲ ਜਿੱਤੇਗਾ।’’
ਮਾਂਜਰੇਕਰ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਇੰਗਲੈਂਡ ਲੜੀ ਜਿੱਤਣ ਲਈ ਬਿਹਤਰ ਸਥਿਤੀ ਵਿਚ ਹੈ। ਉਹ ਆਪਣੇ ਘਰੇਲੂ ਮੈਦਾਨ ’ਤੇ ਖੇਡ ਰਹੇ ਹਨ ਤੇ ਭਾਰਤੀ ਟੀਮ ਬਦਲਾਅ ਦੇ ਦੌਰ ਵਿਚੋਂ ਲੰਘ ਰਹੀ ਹੈ, ਇਸ ਲਈ ਮੈਨੂੰ ਲੱਗਦਾ ਹੈ ਕਿ ਇੰਗਲੈਂਡ ਇਹ ਲੜੀ ਜਿੱਤ ਸਕਦਾ ਹੈ।’’
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e