ਨਿਊਜ਼ੀਲੈਂਡ ਨੇ ਜ਼ਿੰਬਾਬਵੇ ਨੂੰ ਪਹਿਲੇ ਟੈਸਟ ’ਚ 9 ਵਿਕਟਾਂ ਨਾਲ ਹਰਾਇਆ
Saturday, Aug 02, 2025 - 11:42 AM (IST)

ਬੁਲਾਵਾਓ– ਮੈਟ ਹੈਨਰੀ (ਕੁੱਲ 9 ਵਿਕਟਾਂ) ਤੇ ਮਿਸ਼ੇਲ ਸੈਂਟਨਰ (4 ਵਿਕਟਾਂ) ਦੀ ਬਿਹਤਰੀਨ ਗੇਂਦਬਾਜ਼ੀ ਦੀ ਬਦੌਲਤ ਨਿਊਜ਼ੀਲੈਂਡ ਨੇ ਸ਼ੁੱਕਰਵਾਰ ਨੂੰ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਜ਼ਿੰਬਾਬਵੇ ਨੂੰ 9 ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਨਿਊਜ਼ੀਲੈਂਡ ਨੇ 2 ਟੈਸਟ ਮੈਚਾਂ ਦੀ ਸੀਰੀਜ਼ ਵਿਚ 1-0 ਨਾਲ ਬੜ੍ਹਤ ਬਣਾ ਲਈ ਹੈ।
ਜ਼ਿੰਬਾਬਵੇ ਨੇ ਦੂਜੀ ਪਾਰੀ ਵਿਚ ਕੱਲ ਦੀਆਂ 2 ਵਿਕਟਾਂ ’ਤੇ 31 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਮੈਚ ਦੇ ਤੀਜੇ ਦਿਨ ਸਵੇਰ ਦੇ ਸੈਸ਼ਨ ਵਿਚ ਵਿਲੀਅਮ ਓ ਰਾਓਰਕੇ ਨੇ ਨਿਕ ਵੇਲਚ (4) ਤੇ ਵਿਨਸੇਂਟ ਮਸੇਕੇਸਾ (2) ਨੂੰ ਆਊਟ ਕਰ ਕੇ ਜ਼ਿੰਬਾਬਵੇ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਤੋਂ ਬਾਅਦ ਸ਼ਾਨ ਵਿਲੀਅਮਸ (49) ਤੇ ਕਪਤਾਨ ਕ੍ਰੇਗ ਇਰਵਿਨ ਨੇ ਸੰਭਲ ਕੇ ਖੇਡਦੇ ਹੋਏ ਸਕੋਰ ਨੂੰ ਅੱਗੇ ਵਧਾਇਆ। ਦੋਵਾਂ ਨੇ 5ਵੀਂ ਵਿਕਟ ਲਈ 57 ਦੌੜਾਂ ਦੀ ਸਾਂਝੇਦਾਰੀ ਕੀਤੀ। ਮਿਸ਼ੇਲ ਸੈਂਟਨਰ ਨੇ ਸ਼ਾਨ ਵਿਲੀਅਮਸ ਨੂੰ ਆਊਟ ਕਰ ਕੇ ਇਸ ਸਾਂਝੇਦਾਰੀ ਦਾ ਅੰਤ ਕੀਤਾ।
ਇਸ ਤੋਂ ਬਾਅਦ ਮੈਟ ਹੈਨਰੀ ਨੇ ਕ੍ਰੇਗ ਇਰਵਿਨ (22) ਤੇ ਸਿਕੰਦਰ ਰਜ਼ਾ (5) ਨੂੰ ਆਪਣਾ ਸ਼ਿਕਾਰ ਬਣਾ ਲਿਆ। ਨਿਊਮੈਨ ਨਯਾਮਹੁਰੀ (1), ਬਲੇਸਿੰਗ ਮੁਜਾਰਬਾਨੀ (19) ਤੇ ਟੀ. ਤਿਸਾਗਾ (27) ਨੂੰ ਆਊਟ ਕਰ ਕੇ ਜ਼ਿੰਬਾਬਵੇ ਨੂੰ 67.1 ਓਵਰਾਂ ਵਿਚ 165 ਦੌੜਾਂ ’ਤੇ ਸਮੇਟ ਦਿੱਤਾ। ਨਿਊਜ਼ੀਲੈਂਡ ਨੂੰ ਜਿੱਤ ਲਈ 8 ਦੌੜਾਂ ਦਾ ਟੀਚਾ ਮਿਲਿਆ। ਇਸ ਤੋਂ ਬਾਅਦ ਦੂਜੀ ਪਾਰੀ ਵਿਚ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਨੇ ਸਿਰਫ 1 ਓਵਰ ਵਿਚ 1 ਵਿਕਟ ’ਤੇ 8 ਦੌੜਾਂ ਬਣਾ ਕੇ ਮੁਕਾਬਲਾ 9 ਵਿਕਟਾਂ ਨਾਲ ਆਪਣੇ ਨਾਂ ਕਰ ਲਿਆ। ਇਸ ਤੋਂ ਪਹਿਲਾਂ ਜ਼ਿੰਬਾਬਵੇ ਪਹਿਲੀ ਪਾਰੀ ਵਿਚ 149 ਦੌੜਾਂ ’ਤੇ ਢੇਰ ਹੋ ਗਈ ਸੀ। ਉੱਥੇ ਹੀ ਨਿਊਜ਼ੀਲੈਂਡ ਨੇ ਪਹਿਲੀ ਪਾਰੀ ਵਿਚ ਡੇਵੋਨ ਕਾਨਵੇ (88) ਤੇ ਡੈਰਿਲ ਮਿਸ਼ੇਲ (80) ਦੀਆਂ ਸ਼ਾਨਦਾਰ ਪਾਰੀਆਂ ਦੀ ਮਦਦ ਨਾਲ 37 ਦੌੜਾਂ ਦਾ ਸਕੋਰ ਖੜ੍ਹਾ ਕਰ ਕੇ 158 ਦੌੜਾਂ ਦੀ ਬੜ੍ਹਤ ਬਣਾ ਲਈ ਸੀ।