ਵੈਸਟਇੰਡੀਜ਼ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਲੜੀ ਬਰਾਬਰ ਕੀਤੀ
Tuesday, Aug 12, 2025 - 12:38 AM (IST)

ਸਪੋਰਟਸ ਡੈਸਕ– ਰੋਸਟਨ ਚੇਜ ਤੇ ਜਸਟਿਨ ਗ੍ਰੀਵਸ ਦੀਆਂ ਉਪਯੋਗੀ ਪਾਰੀਆਂ ਦੀ ਮਦਦ ਨਾਲ ਵੈਸਟਇੰਡੀਜ਼ ਨੇ ਮੀਂਹ ਪ੍ਰਭਾਵਿਤ ਦੂਜੇ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਵਿਚ ਪਾਕਿਸਤਾਨ ਨੂੰ 10 ਗੇਂਦਾਂ ਬਾਕੀ ਰਹਿੰਦਿਆਂ 5 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਦਿੱਤੀ। ਵੈਸਟਇੰਡੀਜ਼ ਵੱਲੋਂ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਜੇਡਨ ਸੀਲਸ ਨੇ 7 ਓਵਰਾਂ ਵਿਚ 23 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਮੀਂਹ ਦੇ ਅੜਿੱਕੇ ਦੇ ਕਾਰਨ ਵੈਸਟਇੰਡੀਜ਼ ਦੇ ਸਾਹਮਣੇ ਡਕਵਰਥ ਲੂਈਸ ਨਿਯਮ ਦੇ ਤਹਿਤ 35 ਓਵਰਾਂ ਵਿਚ 181 ਦੌੜਾਂ ਬਣਾਉਣ ਦਾ ਟੀਚਾ ਰੱਖਿਆ ਗਿਆ। ਚੇਜ ਨੇ 47 ਗੇਂਦਾਂ ’ਤੇ 2 ਛੱਕਿਆਂ ਤੇ 1 ਜੇਤੂ ਚੌਕੇ ਦੀ ਮਦਦ ਨਾਲ ਅਜੇਤੂ 49 ਦੌੜਾਂ ਬਣਾਈਆਂ, ਜਿਸ ਨਾਲ ਵੈਸਟਇੰਡੀਜ਼ 33.2 ਓਵਰਾਂ ਿਵਚ 5 ਵਿਕਟਾਂ ’ਤੇ 184 ਦੌੜਾਂ ਬਣਾ ਕੇ ਜਿੱਤ ਹਾਸਲ ਕਰਨ ਵਿਚ ਸਫਲ ਰਿਹਾ। ਤ੍ਰਿਨੀਦਾਦ İਡ ਟੋਬੈਗੋ ਦੇ ਤਾਰੂਬਾ ਸਥਿਤ ਬ੍ਰਾਇਨ ਲਾਰਾ ਸਟੇਡੀਅਮ ਵਿਚ ਖੇਡੇ ਗਏ ਮੈਚ ਵਿਚ ਵੈਸਟਇੰਡੀਜ਼ ਦਾ ਸਕੋਰ 18 ਓਵਰਾਂ ਵਿਚ 3 ਵਿਕਟਾਂ ’ਤੇ 101 ਦੌੜਾਂ ਸੀ, ਜਿਹੜਾ 24 ਓਵਰਾਂ ਵਿਚ 5 ਵਿਕਟਾਂ ’ਤੇ 111 ਦੌੜਾਂ ਹੋ ਗਿਆ। ਇਸ ਵਿਚ ਸ਼ੇਰਫੇਨ ਰਦਰਫੋਰਡ ਦੀ ਵਿਕਟ ਵੀ ਸ਼ਾਮਲ ਸੀ, ਜਿਸ ਨੇ 33 ਗੇਂਦਾਂ ਵਿਚ 3 ਛੱਕਿਆਂ ਤੇ 4 ਚੌਕਿਆਂ ਦੀ ਮਦਦ ਨਾਲ 45 ਦੌੜਾਂ ਬਣਾਈਆਂ। ਚੇਜ ਤੇ ਗ੍ਰੀਵਸ (31 ਗੇਂਦਾਂ ’ਤੇ 26 ਦੌੜਾਂ) ਨੇ 6ਵੀਂ ਵਿਕਟ ਲਈ 77 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰ ਕੇ ਟੀਮ ਨੂੰ ਟੀਚੇ ਤੱਕ ਪਹੁੰਚਾਇਆ।
ਇਸ ਤੋਂ ਪਹਿਲਾਂ ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਹਸਨ ਨਵਾਜ਼ ਨੇ ਇਕ ਵਾਰ ਫਿਰ ਪਾਕਿਸਤਾਨ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਤੇ 30 ਗੇਂਦਾਂ ’ਤੇ ਅਜੇਤੂ 36 ਦੌੜਾਂ ਬਣਾਈਆਂ। ਉਸ ਨੇ ਪਹਿਲੇ ਵਨ ਡੇ ਵਿਚ ਅਜੇਤੂ 63 ਦੌੜਾਂ ਬਣਾਈਆਂ ਸਨ। ਹਸਨ ਦੀ ਪਾਰੀ ਵਿਚ 3 ਛੱਕੇ ਸ਼ਾਮਲ ਸਨ। ਇਨ੍ਹਾਂ ਵਿਚੋਂ ਦੋ ਛੱਕੇ ਉਸ ਓਵਰ ਵਿਚ ਲੱਗੇ ਜਦੋਂ ਮੀਂਹ ਤੋਂ ਬਾਅਦ ਪਾਕਿਸਤਾਨ ਦੀ ਪਾਰੀ ਦਾ ਆਖਰੀ ਓਵਰ ਸਾਬਤ ਹੋਇਆ।
ਹੁਸੈਨ ਤਲਤ ਨੇ 32 ਗੇਂਦਾਂ ’ਤੇ 31 ਦੌੜਾਂ ਬਣਾਈਆਂ। ਪਾਕਿਸਤਾਨ ਦੇ ਜ਼ਿਆਦਾਤਰ ਬੱਲੇਬਾਜ਼ਾਂ ਨੇ ਹੌਲੀ ਬੱਲੇਬਾਜ਼ੀ ਕੀਤੀ। ਇਨ੍ਹਾਂ ਵਿਚ ਕਪਤਾਨ ਮੁਹੰਮਦ ਰਿਜ਼ਵਾਨ ਵੀ ਸ਼ਾਮਲ ਸੀ, ਜਿਸ ਨੇ 38 ਗੇਂਦਾਂ ’ਤੇ 16 ਦੌੜਾਂ ਬਣਾਈਆਂ। ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਪਹਿਲੇ ਵਨ ਡੇ ਕੌਮਾਂਤਰੀ ਮੈਚ ਵਿਚ ਵੈਸਟਇੰਡੀਜ਼ ਨੂੰ 5 ਵਿਕਟਾਂ ਨਾਲ ਹਰਾਇਆ ਸੀ। ਤੀਜਾ ਤੇ ਆਖਰੀ ਮੈਚ ਮੰਗਲਵਾਰ ਨੂੰ ਇਸੇ ਸਟੇਡੀਅਮ ਵਿਚ ਖੇਡਿਆ ਜਾਵੇਗਾ। ਪਾਕਿਸਤਾਨ ਨੇ ਇਸ ਤੋਂ ਪਹਿਲਾਂ ਵੈਸਟਇੰਡੀਜ਼ ਵਿਰੁੱਧ ਫਲੋਰਿਡਾ ਵਿਚ ਖੇਡੀ ਗਈ ਪਿਛਲੀ ਟੀ-20 ਲੜੀ 2-1 ਨਾਲ ਜਿੱਤੀ ਸੀ।