IND vs AUS: ਕਪਤਾਨ ਰੋਹਿਤ ''ਤੇ ਭੜਕੇ ਸੁਨੀਲ ਗਾਵਸਕਰ, ਸ਼ਮੀ ਨੂੰ ਲੈ ਕੇ ਕਹੀ ਇਹ ਗੱਲ
Thursday, Mar 09, 2023 - 10:15 PM (IST)
ਸਪੋਰਟਸ ਡੈਸਕ : ਬਾਰਡਰ ਗਾਵਸਕਰ ਟਰਾਫੀ ਦੇ ਤੀਜੇ ਟੈਸਟ 'ਚ ਬ੍ਰੇਕ ਦਿੱਤੇ ਜਾਣ ਤੋਂ ਬਾਅਦ ਮੁਹੰਮਦ ਸ਼ਮੀ ਨੇ ਸੀਰੀਜ਼ ਦੇ ਚੌਥੇ ਟੈਸਟ 'ਚ ਵਾਪਸੀ ਕੀਤੀ ਹੈ। ਚੌਥੇ ਟੈਸਟ 'ਚ ਮੁਹੰਮਦ ਸ਼ਮੀ ਨੇ ਗੇਂਦਬਾਜ਼ੀ ਦੀ ਸ਼ੁਰੂਆਤ ਸਾਧਾਰਨ ਤਰੀਕੇ ਨਾਲ ਕੀਤੀ ਅਤੇ ਉਹ ਲੈਅ 'ਚ ਨਹੀਂ ਲੱਗ ਰਿਹਾ ਸੀ, ਹਾਲਾਂਕਿ ਬਾਅਦ 'ਚ ਉਸ ਨੇ ਅਹਿਮ ਦੋ ਵਿਕਟਾਂ ਝਟਕਾਈਆਂ। ਸ਼ਮੀ ਨੇ ਸ਼ੁਰੂਆਤੀ ਓਵਰਾਂ 'ਚ ਕਾਫ਼ੀ ਦੌੜਾਂ ਵੀ ਦਿੱਤੀਆਂ, ਜਿਸ ਕਾਰਨ ਸਾਬਕਾ ਭਾਰਤੀ ਕ੍ਰਿਕਟਰ ਸੁਨੀਲ ਗਾਵਸਕਰ ਨਿਰਾਸ਼ ਹੋ ਗਏ। ਉਨ੍ਹਾਂ ਨੇ ਤੀਜੇ ਟੈਸਟ ਵਿੱਚ ਸ਼ਮੀ ਨੂੰ ਆਰਾਮ ਦੇਣ ਦੇ ਕਪਤਾਨ ਰੋਹਿਤ ਸ਼ਰਮਾ ਦੇ ਫੈਸਲੇ ਦੀ ਆਲੋਚਨਾ ਕੀਤੀ।
ਗਾਵਸਕਰ ਨੇ ਮੈਚ 'ਚ ਕੁਮੈਂਟਰੀ ਦੌਰਾਨ ਕਿਹਾ ਕਿ ਮੁਹੰਮਦ ਸ਼ਮੀ ਨੂੰ ਤੀਜੇ ਟੈਸਟ 'ਚ ਆਰਾਮ ਦੇਣਾ ਸਹੀ ਨਹੀਂ ਸੀ। ਭਾਰਤੀ ਟੀਮ ਨੂੰ ਦੂਜੇ ਅਤੇ ਤੀਜੇ ਟੈਸਟ ਵਿਚਾਲੇ 8 ਦਿਨਾਂ ਦਾ ਕਾਫੀ ਲੰਬਾ ਬ੍ਰੇਕ ਮਿਲਿਆ ਸੀ। ਉਨ੍ਹਾਂ ਕਿਹਾ ਮੇਰਾ ਮੰਨਣਾ ਹੈ ਕਿ ਸ਼ਮੀ ਅਜਿਹੇ ਗੇਂਦਬਾਜ਼ ਹਨ ਜੋ ਲੈਅ 'ਚ ਗੇਂਦਬਾਜ਼ੀ ਕਰਨਾ ਪਸੰਦ ਕਰਦੇ ਹਨ। ਤੀਜੇ ਮੈਚ 'ਚ ਉਸ ਨੂੰ ਆਰਾਮ ਦੇਣਾ ਗਲਤ ਫੈਸਲਾ ਸੀ। ਉਨ੍ਹਾਂ ਕਿਹਾ ਤੁਸੀਂ ਗੇਂਦਬਾਜ਼ੀ ਕਰਦੇ ਹੋਏ ਆਪਣੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੇ ਹੋ ਨਾ ਕਿ ਜਿਮ ਜਾ ਕੇ।
ਮਹੱਤਵਪੂਰਨ ਗੱਲ ਇਹ ਹੈ ਕਿ ਸ਼ਮੀ ਨੇ ਭਾਰਤੀ ਗੇਂਦਬਾਜ਼ੀ ਦੀ ਸ਼ੁਰੂਆਤ ਕੀਤੀ, ਉਸ ਨੇ ਆਪਣੇ ਪਹਿਲੇ ਓਵਰ ਵਿੱਚ 10 ਦੌੜਾਂ ਦਿੱਤੀਆਂ। ਇਨ੍ਹਾਂ ਵਿੱਚੋਂ 5 ਦੌੜਾਂ ਵਾਧੂ ਵਜੋਂ ਆਈਆਂ। ਰੋਹਿਤ ਦੇ ਸ਼ਮੀ ਨੂੰ ਆਰਾਮ ਦੇਣ ਦੇ ਫੈਸਲੇ ਦੀ ਉਸ ਦੇ ਪਹਿਲੇ ਓਵਰ ਦੇ ਪ੍ਰਦਰਸ਼ਨ ਤੋਂ ਬਾਅਦ ਸੁਨੀਲ ਗਾਵਸਕਰ ਨੇ ਆਲੋਚਨਾ ਕੀਤੀ ਸੀ। ਹਾਲਾਂਕਿ, ਦਿਨ ਦੇ ਅੰਤ ਤੱਕ ਮੁਹੰਮਦ ਸ਼ਮੀ ਨੇ 17 ਓਵਰਾਂ ਵਿੱਚ 65 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਆਸਟ੍ਰੇਲੀਆ ਨੇ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤੱਕ 4 ਵਿਕਟਾਂ ਦੇ ਨੁਕਸਾਨ 'ਤੇ 255 ਦੌੜਾਂ ਬਣਾਆਂ। ਆਸਟ੍ਰੇਲੀਆ ਲਈ ਉਸਮਾਨ ਖਵਾਜਾ ਨਾਬਾਦ 104 ਅਤੇ ਕੈਮਰਨ ਗ੍ਰੀਨ ਨਾਬਾਦ 49 ਦੌੜਾਂ ਦੇ ਨਾਲ ਕ੍ਰੀਜ਼ 'ਤੇ ਮੌਜੂਦ ਹਨ।