IND vs AUS: ICC ਨੇ ਇੰਦੌਰ ਦੀ ਪਿਚ ਨੂੰ ''ਖਰਾਬ'' ਦੱਸਿਆ, ਹੁਣ ਲਿਆ ਜਾ ਸਕਦੈ ਇਹ ਐਕਸ਼ਨ
Saturday, Mar 04, 2023 - 03:50 PM (IST)
ਸਪੋਰਟਸ ਡੈਸਕ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸੀਰੀਜ਼ ਦਾ ਤੀਜਾ ਟੈਸਟ ਇੰਦੌਰ 'ਚ ਖੇਡਿਆ ਗਿਆ। ਦੋਵਾਂ ਟੀਮਾਂ ਵਿਚਾਲੇ ਇਹ ਮੈਚ 2 ਦਿਨ ਅਤੇ 1 ਸੈਸ਼ਨ 'ਚ ਖਤਮ ਹੋ ਗਿਆ। ਹੁਣ ਅੰਤਰਰਾਸ਼ਟਰੀ ਕ੍ਰਿਕਟ ਕਾਊਂਸਲ (ICC) ਨੇ ਇੰਦੌਰ ਦੇ ਹੋਲਕਰ ਸਟੇਡੀਅਮ ਨੂੰ 'ਖਰਾਬ' ਪਿੱਚ ਦੀ ਸ਼੍ਰੇਣੀ ਵਿੱਚ ਪਾ ਦਿੱਤਾ ਹੈ। ਦਰਅਸਲ, ਇਹ ਹੋਲਕਰ ਸਟੇਡੀਅਮ ਨੂੰ ਆਈਸੀਸੀ ਦੀ ਇੱਕ ਤਰ੍ਹਾਂ ਦੀ ਚਿਤਾਵਨੀ ਹੈ। ICC ਦੇ ਇਸ ਫੈਸਲੇ ਤੋਂ ਬਾਅਦ ਹੋਲਕਰ ਸਟੇਡੀਅਮ 'ਚ ਅੰਤਰਰਾਸ਼ਟਰੀ ਮੈਚਾਂ ਦੀ ਮੇਜ਼ਬਾਨੀ 'ਤੇ ਪਾਬੰਦੀ ਲੱਗ ਸਕਦੀ ਹੈ।
ਇਹ ਫੈਸਲਾ ਇੰਦੌਰ ਦੀ ਪਿੱਚ 'ਤੇ ਆਈਸੀਸੀ ਦੀ ਪਿੱਚ ਅਤੇ ਆਊਟਫੀਲਡ ਮੋਨੀਟਰਿੰਗ ਪ੍ਰਕਿਰਿਆ ਦੇ ਤਹਿਤ ਲਿਆ ਗਿਆ ਹੈ। ਇਸ ਦੇ ਨਾਲ ਹੀ ਇੰਦੌਰ ਦੀ ਪਿੱਚ ਨੂੰ ਖਰਾਬ ਪਿੱਚ ਦੀ ਸ਼੍ਰੇਣੀ 'ਚ ਪਾ ਦਿੱਤਾ ਗਿਆ ਹੈ। ਦਰਅਸਲ, ਇਸ ਟੈਸਟ ਦੇ ਪਹਿਲੇ ਦਿਨ ਦੀ ਸ਼ੁਰੂਆਤ ਤੋਂ ਹੀ ਸਪਿਨ ਦੇ ਅਨੁਕੂਲ ਸਤ੍ਹਾ ਤੋਂ ਕਾਫੀ ਮਦਦ ਮਿਲਣੀ ਸ਼ੁਰੂ ਹੋ ਗਈ ਸੀ। ਪਹਿਲੇ ਦਿਨ 14 ਵਿਕਟਾਂ ਡਿੱਗੀਆਂ, ਜਿਸ ਵਿੱਚ 13 ਵਿਕਟਾਂ ਸਪਿਨਰਾਂ ਨੇ ਲਈਆਂ। ਇਸ ਦੇ ਨਾਲ ਹੀ ਇਸ ਮੈਚ 'ਚ ਕੁੱਲ 31 ਵਿਕਟਾਂ ਡਿੱਗੀਆਂ, ਜਿਸ 'ਚ 26 ਵਿਕਟਾਂ ਸਪਿਨਰਾਂ ਦੇ ਖਾਤੇ 'ਚ ਗਈਆਂ। ਮਤਲਬ, ਇਸ ਮੈਚ 'ਚ ਤੇਜ਼ ਗੇਂਦਬਾਜ਼ ਸਿਰਫ 4 ਵਿਕਟਾਂ ਹੀ ਲੈ ਸਕੇ।
ਜ਼ਿਕਰਯੋਗ ਹੈ ਕਿ ICC ਨੇ ਹੋਲਕਰ ਸਟੇਡੀਅਮ ਨੂੰ ਤਿੰਨ ਡੀਮੈਰਿਟ ਪੁਆਇੰਟਸ ਦਿੱਤੇ ਹਨ। ਕਾਊਂਸਲ ਨੇ ਇਹ ਫੈਸਲਾ ਮੈਚ ਰੈਫਰੀ ਕ੍ਰਿਸ ਬ੍ਰੌਡ ਨੂੰ ਪਿੱਚ ਸਬੰਧੀ ਰਿਪੋਰਟ ਸੌਂਪਣ ਅਤੇ ਭਾਰਤੀ ਕਪਤਾਨ ਰੋਹਿਤ ਸ਼ਰਮਾ, ਆਸਟ੍ਰੇਲੀਆਈ ਕਪਤਾਨ ਸਟੀਵ ਸਮਿਥ ਨਾਲ ਗੱਲਬਾਤ ਕਰਨ ਤੋਂ ਬਾਅਦ ਲਿਆ ਹੈ। ਇਸ ਦੇ ਨਾਲ ਹੀ ਬੀਸੀਸੀਆਈ (BCCI) ਕੋਲ ਹੁਣ ਇਸ ਖ਼ਿਲਾਫ਼ ਅਪੀਲ ਕਰਨ ਲਈ 14 ਦਿਨ ਦਾ ਸਮਾਂ ਹੈ। ਇਸ ਪਿੱਚ 'ਤੇ ਮੈਚ ਰੈਫਰੀ ਕ੍ਰਿਸ ਬ੍ਰੌਡ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਪਿੱਚ ਬਹੁਤ ਖੁਸ਼ਕ ਸੀ, ਉਹ ਬੱਲੇ ਅਤੇ ਗੇਂਦ 'ਚ ਤਾਲਮੇਲ ਨਹੀਂ ਕਰ ਪਾ ਰਹੀ ਸੀ।