IND v PAK : ਪਾਕਿ PM ਦੇ ਅੰਗਰੇਜ਼ੀ ਟਵੀਟ ਟੀਮ ਦੇ ਨਹੀਂ ਪਏ ਪੱਲੇ
Monday, Jun 17, 2019 - 12:50 AM (IST)

ਨਵੀਂ ਦਿੱਲੀ— ਆਈ. ਸੀ. ਸੀ. ਵਿਸ਼ਵ ਕੱਪ 'ਚ ਐਤਵਾਰ ਨੂੰ ਭਾਰਤ ਨੇ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾ ਕੇ ਮਹੱਤਵਪੂਰਨ ਜਿੱਤ ਹਾਸਲ ਕੀਤੀ। ਇਸ ਮੈਚ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਟੈਂਸ਼ਨ 'ਚ ਸਨ। ਉਨ੍ਹਾਂ ਨੇ ਆਪਣੇ ਕਪਤਾਨ ਸਰਫਰਾਜ਼ ਅਹਿਮਦ ਨੂੰ ਇਸ ਸਬੰਧੀ ਸਲਾਹ ਵੀ ਦਿੱਤੀ ਸੀ ਕਿ ਟਾਸ ਜਿੱਤਣ ਤੋਂ ਬਾਅਦ ਕੀ ਕਰਨਾ ਹੈ। ਇਮਰਾਨ ਨੇ ਸਰਫਰਾਜ਼ ਨੂੰ ਪਹਿਲਾਂ ਹੀ ਕਿਹਾ ਸੀ ਕਿ ਟਾਸ ਜਿੱਤ ਕੇ ਬੱਲੇਬਾਜ਼ੀ ਕਰਨੀ ਚਾਹੀਦੀ ਹੈ। ਪਰ ਸ਼ਾਇਦ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਅੰਗਰੇਜੀ 'ਚ ਕੀਤੇ ਟਵੀਟ ਪਾਕਿਸਤਾਨੀ ਕ੍ਰਿਕਟ ਟੀਮ ਦੇ ਪੱਲੇ ਹੀ ਨਹੀਂ ਪਏ। ਪਾਕਿਸਤਾਨੀ ਕ੍ਰਿਕਟ ਟੀਮ ਇਮਰਾਨ ਦੀ ਸਲਾਹ ਦੇ ਬਿਲਕੁੱਲ ਉਲਟ ਹੀ ਤੁਰ ਪਈ।ਪਾਕਿਸਤਾਨ ਨੇ ਟਾਸ ਜਿੱਤ ਤੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਪਰ ਜੋ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਲਾਹ ਤੋਂ ਉਲਟ ਸੀ।
1992 ਦਾ ਵਿਸ਼ਵ ਕੱਪ ਜਿੱਤਣ ਵਾਲੀ ਪਾਕਿਸਤਾਨ ਟੀਮ ਦੇ ਕਪਤਾਨ ਰਹੇ ਇਮਰਾਨ ਖਾਨ ਨੇ ਮੈਚ ਤੋਂ ਪਹਿਲਾਂ 5 ਟਵੀਟ ਕੀਤੇ। ਉਨ੍ਹਾਂ ਨੇ ਆਪਣੇ ਅੰਗਰੇਜੀ 'ਚ ਕੀਤੇ ਟਵੀਟਾਂ 'ਚ ਪਾਕਿਸਤਾਨ ਕ੍ਰਿਕਟ ਟੀਮ ਨੂੰ ਵੀ ਸਲਾਹ ਦਿੱਤੀ। ਇਮਰਾਨ ਖਾਨ ਨੇ ਕਿਹਾ ਕਿ ਅੱਜ ਦੇ ਮੈਚ ਨੂੰ ਦੇਖਦੇ ਹੋਏ ਦੋਵੇਂ ਟੀਮਾਂ ਬਹੁਤ ਮਾਨਸਿਕ ਦਬਾਅ 'ਚ ਹੋਣਗੀਆਂ। ਇਸ ਦੌਰਾਨ ਤੁਸੀਂ ਆਪਣੇ ਦਿਮਾਗ 'ਤੇ ਕਿਸ ਤਰ੍ਹਾਂ ਕੰਟਰੋਲ ਕਰਦੇ ਹੋ ਇਹ ਦੇਖਣ ਵਾਲੀ ਗੱਲ ਹੋਵੇਗੀ ਤੇ ਇਹ ਮੈਚ ਦਾ ਨਤੀਜਾ ਤੈਅ ਕਰੇਗੀ। ਅਸੀਂ ਖੁਸ਼ਕਿਸਮਤ ਹਾਂ ਕਿ ਸਰਫਰਾਜ਼ ਦੇ ਰੂਪ 'ਚ ਸਾਡੇ ਕੋਲ ਇਕ ਵਧੀਆ ਕਪਤਾਨ ਹੈ। ਅੱਜ ਉਸ ਨੂੰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੋਵੇਗਾ। ਉਨ੍ਹਾਂ ਨੇ ਪਾਕਿਸਤਾਨੀ ਖਿਡਾਰੀਆਂ ਨੂੰ ਕਿਹਾ ਕਿ ਉਹ ਆਪਣੇ ਮੰਨ 'ਚੋਂ ਸਾਰੀਆਂ ਕਮੀਆਂ ਦੂਰ ਕਰਨ ਤੇ ਨਕਾਰਾਤਮਕ ਸਥਿਤੀ 'ਚ ਨਾ ਰਹਿਣ।