ਸ਼ਮਕੀਰ ਮਾਸਟਰਸ ''ਚ ਆਨੰਦ ਪਹੁੰਚਿਆ ਦੂਜੇ ਸਥਾਨ ''ਤੇ

04/06/2019 1:05:53 PM

ਸ਼ਮਕੀਰ ਸਿਟੀ (ਨਿਕਲੇਸ਼ ਜੈਨ)—ਸ਼ਮਕੀਰ ਮਾਸਟਰਸ ਸ਼ਤਰੰਜ ਟੂਰਨਾਮੈਂਟ ਵਿਚ ਭਾਰਤ ਦੇ ਵਿਸ਼ਵਨਾਥਨ ਆਨੰਦ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ 5ਵੇਂ ਰਾਊਂਡ ਵਿਚ ਨੀਦਰਲੈਂਡ ਦੇ ਅਨੀਸ਼ ਗਿਰੀ ਨੂੰ ਹਰਾ ਕੇ ਸਾਂਝੇ ਤੌਰ 'ਤੇ ਦੂਜਾ ਸਥਾਨ ਹਾਸਲ ਕਰ ਲਿਆ ਹੈ। ਵਿਸ਼ਵ ਦੇ ਨੰਬਰ 4 ਖਿਡਾਰੀ ਅਨੀਸ਼ ਗਿਰੀ 'ਤੇ ਆਨੰਦ ਦੀ ਇਹ ਪਹਿਲੀ ਕਲਾਸੀਕਲ ਜਿੱਤ ਹੈ। ਇਸ ਤੋਂ ਪਹਿਲਾਂ ਉਨ੍ਹਾਂ ਵਿਚਾਲੇ ਹੋਏ 17 ਮੁਕਾਬਲਿਆਂ ਵਿਚੋਂ 2 ਅਨੀਸ਼ ਨੇ ਜਿੱਤੇ ਸਨ, ਜਦਕਿ 15 ਮੈਚ ਡਰਾਅ ਰਹੇ ਸਨ। ਰਾਏ ਲੋਪੇਜ ਓਪਨਿੰਗ ਦੇ ਬਰਲਿਨ ਡਿਫੈਂਸ ਵਿਚ ਹੋਏ ਇਸ ਮੁਕਾਬਲੇ ਵਿਚ ਆਨੰਦ ਨੇ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਸ਼ੁਰੂਆਤ ਤੋਂ ਹੀ ਆਪਣੇ ਪਿਆਦੇ ਨਾਲ ਕੇਂਦਰ ਨੂੰ ਕੰਟਰੋਲ ਰੱਖਣ ਦੀ ਯੋਜਨਾ ਬਣਾਈ। ਅਨੀਸ਼ ਨੇ ਇਸ ਯੋਜਨਾ ਦਾ ਜਵਾਬ ਆਪਣੇ ਵਜ਼ੀਰ ਵਲੋਂ ਹਮਲਾ ਕਰਨ ਦੀ ਬਜਾਏ ਉਸ ਨੂੰ ਰਾਜਾ ਦੇ ਹਿੱਸੇ ਵੱਲ ਭੇਜ ਦਿੱਤਾ। ਨਤੀਜੇ ਵਜੋਂ ਆਨੰਦ ਨੇ ਆਪਣੇ ਊਠ ਤੇ ਘੋੜੇ ਦੀ ਚੰਗੀ ਖੇਡ ਨਾਲ ਅਨੀਸ਼ ਦੇ ਮੋਹਰਿਆਂ ਵਿਚਾਲੇ ਤਾਲਮੇਲ ਵਿਗਾੜ ਦਿੱਤਾ ਤੇ ਆਪਣੇ ਪਿਆਦੇ ਨੂੰ ਲਗਾਤਾਰ ਅੱਗੇ ਲਿਜਾਂਦੇ ਹੋਏ 39 ਚਾਲਾਂ ਵਿਚ ਇਕ ਜ਼ੋਰਦਾਰ ਜਿੱਤ ਦਰਜ ਕਰ ਲਈ।

ਹੋਰਨਾਂ ਮੁਕਾਬਲਿਆਂ ਵਿਚ ਚੈੱਕ ਗਣਰਾਜ ਦੇ ਡੇਵਿਡ ਨਵਾਰਾ ਨੇ ਚੀਨ ਦੇ ਡੀਂਗ ਲੀਰੇਨ ਨੂੰ ਹਰਾਇਆ ਤੇ ਰੂਸ ਦੇ ਅਲੈਗਜ਼ੈਂਡਰ ਗ੍ਰੀਸਚੁਕ ਨੇ ਬੁਲਗਾਰੀਆ ਦੇ ਵੇਸਲੀਨ ਤੋਪਾਲੋਵ ਨੂੰ ਹਰਾਇਆ। ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੇ ਅਜ਼ਰਬੈਜਾਨ ਦੇ ਸ਼ਾਕਿਰਯਾਰ ਮਮੇਘਾਰੋਵ ਨਾਲ ਤੇ ਰੂਸ ਦੇ ਸੇਰਗੀ ਕਾਰਯਾਕਿਨ ਨੇ ਅਜ਼ਰਬੈਜਾਨ ਦੇ ਤਿਮੂਰ ਰਦਜਬੋਵ ਨਾਲ ਮੁਕਾਬਲਾ ਡਰਾਅ ਖੇਡਿਆ। 5 ਰਾਊਂਡਜ਼ ਤੋਂ ਬਾਅਦ ਮੈਗਨਸ ਕਾਰਲਸਨ 3.5 ਅੰਕਾਂ ਨਾਲ ਪਹਿਲੇ ਤੇ ਵਿਸ਼ਵਨਾਥਨ ਆਨੰਦ ਤੇ ਸੇਰਗੀ ਕਾਰਯਾਕਿਨ 3 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜੇ ਤੇ ਡੀਂਗ ਲੀਰੇਨ, ਡੇਵਿਡ ਨਵਾਰਾ, ਤਿਮੂਰ ਰਦਜਬੋਵ ਤੇ ਅਲੈਗਜ਼ੈਂਡਰ ਗ੍ਰੀਸਚੁਕ 2.5 ਅੰਕਾਂ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਹੈ। 


Related News