ਜੇਕਰ ਤੁਸੀਂ ਖੇਡ ਦੀ ਇਕ ਸ਼ੈਲੀ ਅਪਣਾਓਗੇ ਤਾਂ ਟੀਮ ਤਰੱਕੀ ਨਹੀਂ ਕਰੇਗੀ : ਗੰਭੀਰ

Wednesday, Sep 18, 2024 - 05:33 PM (IST)

ਜੇਕਰ ਤੁਸੀਂ ਖੇਡ ਦੀ ਇਕ ਸ਼ੈਲੀ ਅਪਣਾਓਗੇ ਤਾਂ ਟੀਮ ਤਰੱਕੀ ਨਹੀਂ ਕਰੇਗੀ : ਗੰਭੀਰ

ਚੇਨਈ : ਮੁੱਖ ਕੋਚ ਗੌਤਮ ਗੰਭੀਰ ਚਾਹੁੰਦੇ ਹਨ ਕਿ ਭਾਰਤੀ ਟੀਮ ਇੱਕਤਰਫਾ ਰੁਖ ਅਪਣਾਉਣ ਜਾਂ ਪਿੱਚ ਦੀ ਪ੍ਰਕਿਰਤੀ ਵਰਗੇ ਬਾਹਰੀ ਕਾਰਕਾਂ ਵਿੱਚ ਫਸਣ ਦੀ ਬਜਾਏ ਆਪਣੀਆਂ ਰਣਨੀਤੀਆਂ ਵਿੱਚ ਲਚੀਲਾਪਨ ਬਰਕਰਾਰ ਰੱਖੇ, ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹਾ ਨਾ ਕਰਨ ਨਾਲ ਟੀਮ ਦੇ ਇਕਾਈ ਵਜੋਂ ਵਿਕਾਸ ਵਿੱਚ ਰੁਕਾਵਟ ਆ ਸਕਦੀ ਹੈ। ਗੰਭੀਰ ਨੇ ਬੁੱਧਵਾਰ ਨੂੰ ਬੰਗਲਾਦੇਸ਼ ਵਿਰੁੱਧ ਪਹਿਲੇ ਟੈਸਟ ਦੀ ਪੂਰਵ ਸੰਧਿਆ 'ਤੇ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ, "ਮੇਰਾ ਹਮੇਸ਼ਾ ਵਿਸ਼ਵਾਸ ਰਿਹਾ ਹੈ ਕਿ ਸਭ ਤੋਂ ਵਧੀਆ ਸ਼ੈਲੀ ਉਹ ਹੈ, ਜੋ ਤੁਹਾਨੂੰ ਜਿੱਤ ਦਿਵਾਉਂਦੀ ਹੈ। ਅਸੀਂ ਇੱਕ ਅਜਿਹੀ ਟੀਮ ਬਣਨਾ ਚਾਹੁੰਦੇ ਹਾਂ ਜੋ ਇੱਕ ਹੀ ਸ਼ੈਲੀ ਅਪਣਾਉਣ ਦੀ ਥਾਂ ਸਮਝਦਾਰੀ ਨਾਲ ਫੈਸਲੇ ਲਵੇ ਅਤੇ ਤੇਜ਼ੀ ਨਾਲ ਸਿੱਖੇ। ਜੇਕਰ ਤੁਸੀਂ ਇੱਕ ਹੀ ਸ਼ੈਲੀ ਅਪਣਾਉਣੀ ਸ਼ੁਰੂ ਕਰੋਗੇ ਤਾਂ ਤੁਹਾਡੀ ਤਰੱਕੀ ਨਹੀਂ ਹੋਵੇਗੀ।"
ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੰਭੀਰ ਚਾਹੁੰਦੇ ਹਨ ਕਿ ਖਿਡਾਰੀ ਕਿਸੇ ਵੀ ਹਾਲਤ ਵਿੱਚ ਸਿਰਫ਼ ਪ੍ਰਤਿਕਿਰਿਆ ਦੇਣ ਦੀ ਬਜਾਏ ਸਕਰਾਤਮਕ ਤੌਰ 'ਤੇ ਖੇਡਣ ਲਈ ਤਿਆਰ ਰਹਿਣ। ਉਨ੍ਹਾਂ ਕਿਹਾ, "ਅਸੀਂ ਚਾਹੁੰਦੇ ਹਾਂ ਕਿ ਖਿਡਾਰੀ ਸਥਿਤੀ ਅਤੇ ਹਾਲਾਤਾਂ ਦੇ ਮੁਤਾਬਕ ਖੇਡਣ ਅਤੇ ਫਿਰ ਇਸ ਮੁਤਾਬਕ ਤਰੱਕੀ ਕਰਦੇ ਰਹਿਣ। ਤੁਸੀਂ ਜਾਣਦੇ ਹੋ ਕਿ ਕਿਸੇ ਖਾਸ ਸ਼ੈਲੀ ਨੂੰ ਨਾਮ ਦੇਣਾ ਸਿਰਫ਼ ਇੱਕ ਹੀ ਤਰੀਕੇ ਨਾਲ ਖੇਡਣ ਵਰਗਾ ਹੈ।" ਗੰਭੀਰ ਨੇ ਕਿਹਾ, "ਇਸ ਲਈ, ਯਤਨ ਨਤੀਜਿਆਂ ਦੇ ਬਾਰੇ ਵਿੱਚ ਹੁੰਦੇ ਹਨ ਅਤੇ ਜਿਵੇਂ ਕਿ ਮੈਂ ਹੁਣੇ ਉਲੇਖ ਕੀਤਾ, ਸਭ ਤੋਂ ਵਧੀਆ ਸ਼ੈਲੀ ਉਹ ਹੈ ਜੋ ਕਾਰਗਰ ਹੋਵੇ।" ਗੰਭੀਰ ਹਮੇਸ਼ਾ ਘਰੇਲੂ ਹਾਲਾਤਾਂ ਦਾ ਲਾਭ ਚੁੱਕਣ ਦੇ ਹੱਕ ਵਿੱਚ ਰਹੇ ਹਨ ਅਤੇ ਇੱਕ ਵਾਰ ਫਿਰ ਉਨ੍ਹਾਂ ਨੇ ਆਪਣੇ ਵਿਚਾਰਾਂ ਨੂੰ ਦੁਹਰਾਉਂਦਿਆਂ ਕਿਹਾ ਕਿ ਭਾਰਤ ਨੂੰ ਆਪਣੇ ਘਰੇਲੂ ਹਾਲਾਤਾਂ ਦਾ ਫਾਇਦਾ ਚੁੱਕਣ 'ਤੇ ਹੋਰ ਕ੍ਰਿਕਟ ਖੇਡਣ ਵਾਲੇ ਦੇਸ਼ਾਂ ਤੋਂ ਵੱਖਰਾ ਨਹੀਂ ਸਮਝਿਆ ਜਾਣਾ ਚਾਹੀਦਾ।
ਉਨ੍ਹਾਂ ਕਿਹਾ, "ਜਦੋਂ ਤੁਸੀਂ ਆਸਟ੍ਰੇਲੀਆ, ਇੰਗਲੈਂਡ, ਦੱਖਣੀ ਅਫਰੀਕਾ ਵਰਗੇ ਸਥਾਨਾਂ 'ਤੇ ਜਾਂਦੇ ਹੋ ਤਾਂ ਟੈਸਟ ਮੈਚ ਢਾਈ ਦਿਨ ਵਿੱਚ ਖਤਮ ਹੋ ਜਾਂਦਾ ਹੈ, ਫਿਰ ਵੀ ਇਸ ਬਾਰੇ ਜ਼ਿਆਦਾ ਗੱਲ ਨਹੀਂ ਹੁੰਦੀ।" ਭਾਰਤੀ ਕੋਚ ਨੇ ਤਰਕ ਦਿੱਤਾ, "ਪਰ ਜਦੋਂ ਵਿਰੋਧੀ ਟੀਮ ਭਾਰਤ ਆਉਂਦੀ ਹੈ ਅਤੇ ਜੇਕਰ ਟੈਸਟ ਮੈਚ ਢਾਈ ਦਿਨ ਵਿੱਚ ਖਤਮ ਹੋ ਜਾਂਦਾ ਹੈ ਤਾਂ ਅਸੀਂ ਕਹਿਣ ਲੱਗ ਜਾਂਦੇ ਹਾਂ ਕਿ ਸਪੀਨਰਾਂ ਲਈ ਬਹੁਤ ਜ਼ਿਆਦਾ ਮਦਦ ਹੈ।"


author

Aarti dhillon

Content Editor

Related News