ICC ਟੈਸਟ ਮੈਚ ਨੂੰ 5 ਦੀ ਬਜਾਏ 4 ਦਿਨਾਂ ਦਾ ਕਰਾਉਣ ਦੀ ਤਿਆਰੀ 'ਚ
Monday, Dec 30, 2019 - 04:19 PM (IST)

ਸਪੋਰਟਸ ਡੈਸਕ— ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਵਰਲਡ ਕ੍ਰਿਕਟ ਕੈਲੰਡਰ ਦੇ ਰੁਝੇਵੇਂ ਭਰੇ ਪ੍ਰੋਗਰਾਮ ਨੂੰ ਸਹਿਜ ਬਣਾਉਣ ਦੇ ਇਰਾਦੇ ਨਾਲ ਹੁਣ ਟੈਸਟ ਮੈਚ ਦੇ ਦਿਨਾਂ ਨੂੰ ਘਟਾ ਕੇ ਪੰਜ ਦੀ ਬਜਾਏ ਚਾਰ ਦਿਨ ਕਰਨ 'ਤੇ ਵਿਚਾਰ ਕਰ ਰਿਹਾ ਹੈ, ਜੋ ਸ਼ਾਇਦ ਸਾਲ 2023 ਤੋਂ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਬਣ ਸਕਦਾ ਹੈ। ਆਈ. ਸੀ. ਸੀ. ਦੀ ਕ੍ਰਿਕਟ ਕਮੇਟੀ ਸਾਲ 2020 'ਚ ਇਸ ਮੁੱਦੇ 'ਤੇ ਵਿਚਾਰ ਕਰ ਸਕਦੀ ਹੈ ਅਤੇ ਕ੍ਰਿਕਟ ਬੋਰਡ ਦੇ ਮੈਂਬਰਾਂ ਨਾਲ ਵਿਚਾਰ-ਵਟਾਂਦਰੇ ਕਰਨ ਦੇ ਬਾਅਦ ਵੱਡੇ ਬਦਲਾਅ ਨੂੰ ਅਮਲ 'ਚ ਲਿਆਇਆ ਜਾ ਸਕਦਾ ਹੈ।
ਹਾਲਾਂਕਿ ਇਸ ਬਦਲਾਅ ਖਿਲਾਫ ਲੋਕਾਂ ਦੇ ਖੜ੍ਹੇ ਹੋਣ ਦੀ ਉਮੀਦ ਹੈ ਜੋ ਕ੍ਰਿਕਟ ਦੇ ਸਭ ਤੋਂ ਪੁਰਾਣੇ ਅਤੇ ਮਹੱਤਵਪੂਰਨ ਫਾਰਮੈਟ 'ਚ ਇੰਨੇ ਵੱਡੇ ਬਦਲਾਅ ਨੂੰ ਮਨਜ਼ੂਰੀ ਨਹੀਂ ਦੇਣਾ ਚਾਹੁਣਗੇ। ਇਹ ਵੀ ਅਹਿਮ ਹੈ ਕਿ ਪਹਿਲੇ ਦਰਜੇ ਦੇ ਕ੍ਰਿਕਟ 'ਚ ਚਾਰ ਦਿਨਾਂ ਦੇ ਮੈਚ ਅਤੇ ਕੌਮਾਂਤਰੀ ਪੱਧਰ 'ਤੇ ਖੇਡੇ ਜਾਣ ਵਾਲੇ ਅਧਿਕਾਰਤ ਟੈਸਟ ਫਾਰਮੈਟ 'ਚ ਪੰਜ ਦਿਨਾਂ ਦਾ ਮੈਚ ਹੀ ਸਭ ਤੋਂ ਵੱਡਾ ਫਰਕ ਹੈ, ਜੋ ਨਵੇਂ ਬਦਲਾਅ ਨਾਲ ਖਤਮ ਹੋ ਜਾਵੇਗਾ।
ਇਸ ਸੰਭਾਵੀ ਬਦਲਾਅ ਦਾ ਕਾਰਨ
ਆਈ. ਸੀ. ਸੀ. ਤੋਂ ਲਗਾਤਾਰ ਆਪਣੇ ਟੂਰਨਾਮੈਂਟਾਂ ਦੇ ਵਿੰਡੋ ਨੂੰ ਬਣਾਏ ਜਾਣ ਦੀ ਮੰਗ ਉਠ ਰਹੀ ਹੈ। ਲਗਾਤਾਰ ਘਰੇਲੂ ਟਵੰਟੀ-20 ਕ੍ਰਿਕਟ ਲੀਗਾਂ ਦੀ ਵਧਦੀ ਗਿਣਤੀ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਆਪਣੇ ਨਿੱਜੀ ਦੋ ਪੱਖੀ ਕੈਲੰਡਰ ਨੂੰ ਜਗ੍ਹਾ ਦੇਣ ਅਤੇ ਟੈਸਟ ਸੀਰੀਜ਼ ਕਰਾਉਣ ਦੀ ਕੀਮਤ, ਇਹ ਕੁਝ ਅਜਿਹੇ ਕਾਰਨ ਹਨ ਜਿਨ੍ਹਾਂ ਨੂੰ ਧਿਆਨ 'ਚ ਰਖਦੇ ਹੋਏ ਟੈਸਟ 'ਚ ਇਸ ਬਦਲਾਅ ਦੀ ਮੰਗ ਉਠ ਰਹੀ ਹੈ, ਜੋ 2023 ਤੋਂ 2031 ਦੇ ਕੈਲੰਡਰ 'ਚ ਸਮਾਂ ਅਤੇ ਪੈਸੇ ਦੇ ਖਰਚ ਨੂੰ ਘੱਟ ਕਰ ਸਕਦਾ ਹੈ। ਪੰਜ ਦੀ ਬਜਾਏ ਚਾਰ ਦਿਨਾਂ ਦੇ ਲਾਜ਼ਮੀ ਟੈਸਟ ਮੈਚ ਦੀ ਸਥਿਤੀ 'ਚ 2015 ਤੋਂ 2023 ਦੇ ਮੌਜੂਦਾ ਚੱਕਰ 'ਚ ਕਰੀਬ 335 ਦਿਨਾਂ ਦੀ ਬਚਤ ਹੋਵੇਗੀ, ਜਿਸ ਨਾਲ ਸਮਾਂ ਬਚੇਗਾ ਅਤੇ ਵੀਰਵਾਰ ਤੋਂ ਐਤਵਾਰ ਦੀ ਸਮਾਂ ਮਿਆਦ 'ਚ ਮੈਚ ਕਰਾਏ ਜਾ ਸਕਣਗੇ।