ਮੈਂ ਰੋਹਿਤ ਨੂੰ ਸਿਡਨੀ ਟੈਸਟ ’ਚੋਂ ਬਾਹਰ ਨਾ ਰਹਿਣ ਦਿੰਦਾ : ਰਵੀ ਸ਼ਾਸਤਰੀ
Saturday, May 17, 2025 - 03:03 PM (IST)

ਨਵੀਂ ਦਿੱਲੀ– ਰਵੀ ਸ਼ਾਸਤਰੀ ਜੇਕਰ ਆਸਟ੍ਰੇਲੀਆ ਦੇ ਪਿਛਲੇ ਦੌਰੇ ’ਤੇ ਭਾਰਤ ਦਾ ਕੋਚ ਹੁੰਦਾ ਤਾਂ ਉਹ ਕਪਤਾਨ ਰੋਹਿਤ ਸ਼ਰਮਾ ਨੂੰ ਖਰਾਬ ਫਾਰਮ ਦੇ ਬਾਵਜੂਦ ਸਿਡਨੀ ਵਿਚ ਆਖਰੀ ਟੈਸਟ ਵਿਚੋਂ ਬਾਹਰ ਨਾ ਰਹਿਣ ਦਿੰਦਾ। ਰੋਹਿਤ ਨਿੱਜੀ ਕਾਰਨਾਂ ਕਾਰਨ ਬਾਰਡਰ-ਗਾਵਸਕਰ ਟਰਾਫੀ ਦੇ ਪਹਿਲੇ ਟੈਸਟ ਵਿਚੋਂ ਬਾਹਰ ਰਿਹਾ ਸੀ ਤੇ ਆਖਰੀ ਟੈਸਟ ਵਿਚ ਵੀ ਖਰਾਬ ਫਾਰਮ ਕਾਰਨ ਉਸ ਨੇ ਬਾਹਰ ਰਹਿਣ ਦਾ ਫੈਸਲਾ ਕੀਤਾ ਸੀ। ਉਹ 5 ਪਾਰੀਆਂ ਵਿਚ 31 ਦੌੜਾਂ ਹੀ ਬਣਾ ਸਕਿਆ ਸੀ। ਭਾਰਤ ਨੂੰ ਟੈਸਟ ਲੜੀ ਵਿਚ 1-3 ਨਾਲ ਹਾਰ ਝੱਲਣੀ ਪਈ ਸੀ।
ਸ਼ਾਸਤਰੀ ਨੇ ਕਿਹਾ ਕਿ ਉਸ ਨੇ ਇਸ ਸੈਸ਼ਨ ਵਿਚ ਆਈ. ਪੀ. ਐੱਲ. ਮੈਚਾਂ ਦੌਰਾਨ ਰੋਹਿਤ ਨਾਲ ਗੱਲ ਕੀਤੀ ਤੇ ਦੱਸਿਆ ਕਿ ਜੇਕਰ ਉਹ ਆਸਟ੍ਰੇਲੀਆ ਵਿਚ ਹੁੰਦਾ ਤਾਂ ਕੀ ਕਰਦਾ। ਉਸ ਨੇ ਕਿਹਾ,‘‘ਟਾਸ ਦੇ ਸਮੇਂ ਰੋਹਿਤ ਨਾਲ ਮੇਰੀਆਂ ਕਈ ਮੁਲਾਕਾਤਾਂ ਹੋਈਆਂ। ਟਾਸ ਦੌਰਾਨ ਗੱਲ ਕਰਨ ਦਾ ਜ਼ਿਆਦਾ ਸਮਾਂ ਨਹੀਂ ਹੁੰਦਾ। ਮੈਂ ਹਾਲਾਂਕਿ ਇਕ ਮੈਚ ਵਿਚ ਉਸਦੇ ਮੋਢੇ ’ਤੇ ਹੱਥ ਰੱਖਿਆ। ਸ਼ਾਇਦ ਉਹ ਮੁੰਬਈ ਦਾ ਮੈਚ ਸੀ। ਮੈਂ ਉਸ ਨੂੰ ਕਿਹਾ ਕਿ ਜੇਕਰ ਮੈਂ ਕੋਚ ਹੁੰਦਾ ਤਾਂ ਉਸ ਨੂੰ ਆਖਰੀ ਟੈਸਟ ਵਿਚੋਂ ਕਦੇ ਬਾਹਰ ਨਾ ਰਹਿਣ ਦਿੰਦਾ।’’
ਰੋਹਿਤ ਨੇ ਹਾਲ ਹੀ ਵਿਚ ਟੈਸਟ ਰੂਪ ਨੂੰ ਅਲਵਿਦਾ ਕਹਿ ਦਿੱਤਾ ਸੀ ਜਦਕਿ ਟੀ-20 ਕ੍ਰਿਕਟ ਤੋਂ ਉਹ ਪਿਛਲੇ ਸਾਲ ਹੀ ਸੰਨਿਆਸ ਲੈ ਚੁੱਕਾ ਹੈ।