IPL 2023 ਦਾ ਫਾਈਨਲ ਹਾਰਨ ਮਗਰੋਂ ਧੋਨੀ ਨੂੰ ਲੈ ਕੇ ਹਾਰਦਿਕ ਪੰਡਯਾ ਦਾ ਅਹਿਮ ਬਿਆਨ
Tuesday, May 30, 2023 - 02:05 PM (IST)
ਸਪੋਰਟਸ ਡੈਸਕ : IPL 2023 ਦੇ ਫਾਈਨਲ 'ਚ ਗੁਜਰਾਤ ਟਾਈਟਨਸ ਨੂੰ ਚੇਨਈ ਸੁਪਰ ਕਿੰਗਜ਼ ਤੋਂ 5 ਵਿਕਟਾਂ (DLS ਮੈਥਡ) ਨਾਲ ਹਾਰ ਮਿਲੀ। ਇਸ ਦੇ ਨਾਲ ਗੁਜਰਾਤ ਦੂਜੀ ਵਾਰ ਚੈਂਪੀਅਨ ਬਣਨ ਤੋਂ ਖੁੰਝ ਗਿਆ, ਜਦਕਿ ਚੇਨਈ ਨੇ ਮਹਿੰਦਰ ਸਿੰਘ ਧੋਨੀ ਦੀ ਅਗਵਾਈ 'ਚ 5ਵੀਂ ਵਾਰ ਖਿਤਾਬ ਜਿੱਤ ਲਿਆ ਹੈ। ਦੱਸ ਦੇਈਏ ਕਿ ਆਖਰੀ ਦੋ ਗੇਂਦਾਂ 'ਤੇ ਚੇਨਈ ਨੂੰ ਜਿੱਤ ਲਈ 10 ਦੌੜਾਂ ਦੀ ਲੋੜ ਸੀ। ਚੇਨਈ ਨੇ ਰਵਿੰਦਰ ਜਡੇਜਾ ਦੇ ਬੱਲੇ 'ਤੇ ਛੱਕਾ ਅਤੇ ਚੌਕਾ ਮਾਰ ਕੇ ਜਿੱਤ ਦਰਜ ਕਰ ਲਈ।
ਦੂਜੇ ਪਾਸੇ ਹਾਰ ਦਾ ਸਾਹਮਣਾ ਕਰ ਰਹੇ ਕਪਤਾਨ ਹਾਰਦਿਕ ਪੰਡਯਾ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਹਾਰਨਾ ਪਿਆ ਤਾਂ ਉਹ ਧੋਨੀ ਦੇ ਖ਼ਿਲਾਫ਼ ਹੀ ਹਾਰਨਾ ਪਸੰਦ ਕਰਨਗੇ। ਪੰਡਯਾ ਨੇ ਕਿਹਾ, ''ਜੇਕਰ ਮੈਨੂੰ ਹਾਰਨਾ ਪਿਆ ਤਾਂ ਮੈਂ ਧੋਨੀ ਤੋਂ ਹਾਰਨਾ ਪਸੰਦ ਕਰਾਂਗਾ। ਚੰਗੀਆਂ ਚੀਜ਼ਾਂ ਚੰਗੇ ਲੋਕਾਂ ਨਾਲ ਵਾਪਰਦੀਆਂ ਹਨ ਅਤੇ ਉਹ ਸਭ ਤੋਂ ਚੰਗੇ ਲੋਕਾਂ ਵਿੱਚੋਂ ਇਕ ਹੈ। ਪਰਮਾਤਮਾ ਬਹੁਤ ਮਿਹਰਬਾਨ ਹੋਇਆ ਹੈ। ਉਸ ਦੀ ਮੇਰੇ ਉੱਤੇ ਵੀ ਬਹੁਤ ਕਿਰਪਾ ਹੈ ਪਰ ਅੱਜ ਦੀ ਰਾਤ ਧੋਨੀ ਦੀ ਸੀ। ਮੈਂ ਉਨ੍ਹਾਂ ਲਈ ਬਹੁਤ ਖੁਸ਼ ਹਾਂ। ਨਿਯਤ ਨੇ ਇਹ ਧੋਨੀ ਲਈ ਲਿਖਿਆ ਸੀ।''
ਹਾਰਦਿਕ ਪੰਡਯਾ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਅਸੀਂ ਦਿਲ ਨਾਲ ਖੇਡਦੇ ਹਾਂ, ਜਿਸ ਤਰ੍ਹਾਂ ਨਾਲ ਅਸੀਂ ਲੜਿਆ ਹੈ, ਉਸ 'ਤੇ ਸਾਨੂੰ ਮਾਣ ਹੈ। ਅਸੀਂ ਇਕੱਠੇ ਜਿੱਤਦੇ ਹਾਂ, ਅਸੀਂ ਇਕੱਠੇ ਹਾਰਦੇ ਹਾਂ। ਮੈਂ ਬਹਾਨਾ ਨਹੀਂ ਬਣਾ ਰਿਹਾ, ਸੀਐੱਸਕੇ ਨੇ ਬਹੁਤ ਵਧੀਆ ਕ੍ਰਿਕਟ ਖੇਡੀ ਹੈ। ਅਸੀਂ ਅਸਲ ਵਿੱਚ ਚੰਗੀ ਬੱਲੇਬਾਜ਼ੀ ਕੀਤੀ ਹੈ, ਖ਼ਾਸ ਕਰਕੇ ਸਾਈ ਸੁਦਰਸ਼ਨ, ਇਸ ਪੱਧਰ 'ਤੇ ਖੇਡਣਾ ਆਸਾਨ ਨਹੀਂ ਹੁੰਦਾ ਹੈ।''
ਗੁਜਰਾਤ ਦੇ ਕਪਤਾਨ ਨੇ ਅੱਗੇ ਕਿਹਾ ਕਿ, “ਅਸੀਂ ਮੁੰਡਿਆਂ ਦਾ ਸਮਰਥਨ ਕਰ ਰਹੇ ਹਾਂ ਅਤੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਉਨ੍ਹਾਂ ਤੋਂ ਵਧੀਆ ਪ੍ਰਦਰਸ਼ਨ ਕਰ ਸਕੀਏ। ਪਰ ਉਹਨਾਂ ਦੀ ਸਫਲਤਾ ਉਨ੍ਹਾਂ ਦੀ ਹੈ। ਜਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਹੱਥ ਖੜ੍ਹੇ ਕਰਕੇ ਚੰਗਾ ਪ੍ਰਦਰਸ਼ਨ ਕੀਤਾ - ਮੋਹਿਤ, ਰਾਸ਼ਿਦ, ਸ਼ਮੀ ਅਤੇ ਹੋਰ ਸਾਰੇ।” ਦੱਸ ਦੇਈਏ ਕਿ ਮੁੰਬਈ ਇੰਡੀਅਨਜ਼ ਤੋਂ ਬਾਅਦ ਚੇਨਈ ਹੁਣ ਪੰਜ ਖਿਤਾਬ (2010, 2011, 2018, 2021, 2023) ਜਿੱਤਣ ਵਾਲੀ ਦੂਜੀ ਟੀਮ ਬਣ ਗਈ ਹੈ।