ਮੈਂ ਨਤੀਜਿਆਂ ਦੀ ਪ੍ਰਵਾਹ ਨਹੀਂ ਕਰਾਂਗਾ : ਅਰਜੁਨ ਏਰੀਗੈਸੀ

06/24/2024 10:59:09 AM

 ਨਵੀਂ ਦਿੱਲੀ (ਨਿਕਲੇਸ਼ ਜੈਨ)- ‘ਮੈਂ ਨਤੀਜਿਆਂ ਦੀ ਪ੍ਰਵਾਹ ਨਹੀਂ ਕਰਾਂਗਾ।’ ਭਾਰਤ ਦੇ ਨੰਬਰ ਇਕ ਸ਼ਤਰੰਜ ਖਿਡਾਰੀ ਅਰਜੁਨ ਏਰੀਗੈਸੀ ਨੇ ‘ਜਗ ਬਾਣੀ’ ਦੇ ਪ੍ਰਤੀਨਿਧੀ ਨਿਕਲੇਸ਼ ਜੈਨ ਨਾਲ ਆਪਣੀ ਸ਼ਤਰੰਜ ਯਾਤਰਾ ਦੀਆਂ ਚੁਣੋਤੀਆਂ ਅਤੇ ਸਫਲਤਾਵਾਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਇਸ ’ਚ ਫੀਡੇ ਕੈਂਡਿਡੇਟਸ ਲਈ ਕੁਆਲੀਫਾਈ ਨਾ ਕਰ ਸਕਣ ਦੀ ਨਿਰਾਸ਼ਾ ਅਤੇ ਇਕ ਦਿਨ ਵਿਸ਼ਵ ਚੈਂਪੀਅਨ ਬਣਨ ਦਾ ਉਸ ਦਾ ਸੁਪਨਾ ਸ਼ਾਮਿਲ ਹੈ। ਗੱਲਬਾਤ ਦੇ ਮੁੱਖ ਅੰਸ਼ ਹਨ :

ਆਪਣੇ ਹਾਲੀਆ ਪ੍ਰਦਰਸ਼ਨ ਤੋਂ ਤੁਸੀਂ ਕਿੰਨੇ ਸੰਤੁਸ਼ਟ ਹੋ?
ਮੈਂ ਆਪਣੇ ਪ੍ਰਦਰਸ਼ਨ ਤੋਂ ਕਾਫੀ ਖੁਸ਼ ਹਾਂ। ਮੈਂ ਇੱਥੇ-ਉੱਥੇ ਕੁਝ ਛੋਟੇ ਮੌਕੇ ਜ਼ਰੂਰ ਛੱਡੇ ਪਰ ਕੁੱਲ ਮਿਲਾ ਕੇ ਇਹ ਇਕ ਇਸ ਤਰ੍ਹਾਂ ਦਾ ਪ੍ਰਦਰਸ਼ਨ ਹੈ, ਜਿਸ ਤੋਂ ਮੈਂ ਖੁਸ਼ ਹਾਂ।

ਸਪਾਂਸਰ ਮਿਲਣ ਤੋਂ ਬਾਅਦ ਤੁਹਾਡੀ ਸ਼ਤਰੰਜ ਦੀ ਜ਼ਿੰਦਗੀ ’ਚ ਕਿੰਨਾ ਬਦਲਾਅ ਆਇਆ ਹੈ?
ਹਾਂ, ਸਪਾਂਸਰ ਮਿਲਣ ਤੋਂ ਬਾਅਦ ਮੈਂ ਜ਼ਿਆਦਾ ਕੋਚ ਅਤੇ ਸਹਿਯੋਗੀਆਂ ਨਾਲ ਕੰਮ ਕਰ ਪਾ ਰਿਹਾ ਹਾਂ। ਇਸ ਨਾਲ ਮੈਨੂੰ ਨਿਸ਼ਚਿਤ ਤੌਰ ’ਤੇ ਮਦਦ ਮਿਲੀ ਹੈ। ਸਿਰਫ ਸਪਾਂਸਰ ਹੀ ਨਹੀਂ, ਬਲਕਿ ਇਹ ਲੋਕ ਪਰਿਵਾਰ ਦੀ ਤਰ੍ਹਾਂ ਹਨ। ਮੈਨੂੰ ਕੁਝ ਇਸੇ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ। ਇਹ ਬਹੁਤ ਚੰਗਾ ਹੈ, ਉਨ੍ਹਾਂ ਸਾਰਿਆਂ ਦਾ ਬਹੁਤ ਧੰਨਵਾਦ।

ਤੁਸੀਂ ਫੀਡੇ ਕੈਂਡੀਡੇਟਸ ’ਚ ਜਗ੍ਹਾ ਬਣਾਉਣ ਤੋਂ ਖੁੰਝ ਗਏ। ਕੀ ਇਹ ਤੁਹਾਡੇ ਲਈ ਮੁਸ਼ਕਿਲ ਸੀ ਅਤੇ ਇਸ ਤੋਂ ਬਾਅਦ ਤੁਸੀਂ ਖੁਦ ਨੂੰ ਕਿਵੇਂ ਪ੍ਰੇਰਿਤ ਕੀਤਾ?
ਕੈਂਡੀਡੇਟਸ ਤੋਂ ਖੁੰਝਣਾ ਮੇਰੇ ਲਈ ਬਹੁਤ ਮੁਸ਼ਕਿਲ ਸੀ। ਮੈਂ ਬਿਲਕੁੱਲ ਨੇੜੇ ਸੀ। ਜਨਵਰੀ ਦੇ ਪਹਿਲੇ ਕੁਝ ਦਿਨ ਮੇਰੇ ਲਈ ਕਾਫੀ ਮੁਸ਼ਕਿਲ ਸਨ। ਮੈਂ ਬੱਸ ਸਮਾਂ ਕੱਢਿਆ, ਇਕ ਦੋਸਤ ਦੇ ਘਰ ਜਾ ਕੇ ਆਰਾਮ ਕੀਤਾ। ਇਸ ਤੋਂ ਬਾਅਦ ਮੈਂ ਇਸ ਤੋਂ ਉਭਰਨ ਦਾ ਫੈਸਲਾ ਕੀਤਾ। ਮੈਂ ਫੈਸਲਾ ਲਿਆ ਕਿ ਨਤੀਜਿਆਂ ਦੀ ਪ੍ਰਵਾਹ ਨਹੀਂ ਕਰਾਂਗਾ। ਖੇਡਦੇ ਸਮੇਂ ਮੈਂ ਆਪਣਾ ਸਰਵਸ਼੍ਰੇਸ਼ਠ ਦੇਵਾਂਗਾ ਪਰ ਜੋ ਵੀ ਹੋਵੇਗਾ, ਉਸ ਨੂੰ ਉਸੇ ਤਰ੍ਹਾਂ ਲਵਾਂਗਾ, ਜਿਵੇਂ ਹੋਣਾ ਚਾਹੀਦਾ ਹੈ। ਹਾਂ, ਮੈਨੂੰ ਲੱਗਦਾ ਹੈ ਕਿ ਇਸ ਫੈਸਲੇ ਨੇ ਮੈਨੂੰ ਆਮ ਤੌਰ ’ਤੇ ਬਹੁਤ ਮਦਦ ਕੀਤੀ ਹੈ।

ਤੁਸੀਂ ਮੌਜੂਦਾ ਲਾਈਵ ਵਿਸ਼ਵ ਰੈਂਕਿੰਗ ’ਚ ਚੌਥੇ ਸਥਾਨ ’ਤੇ ਹੋ। ਤੁਹਾਡਾ ਭਵਿੱਖ ਦਾ ਟੀਚਾ ਕੀ ਹੈ? ਕੀ 2800 ਏਲੋ ਮਾਰਕ ਤੁਹਾਡੇ ਦਿਮਾਗ ’ਚ ਹਨ?
ਜਿਵੇਂ ਕਿ ਮੈਂ ਕਿਹਾ, ਮੈਂ ਇਹ ਫੈਸਲਾ ਲਿਆ ਕਿ ਆਪਣੇ ਨਤੀਜਿਆਂ ਅਤੇ ਰੈਂਕਿੰਗ ਦੀ ਜ਼ਿਆਦਾ ਪ੍ਰਵਾਹ ਨਹੀਂ ਕਰਾਂਗਾ। ਹਾਂ, ਚੌਥੇ ਸਥਾਨ ’ਤੇ ਹੋਣਾ ਅਤੇ ਚੰਗੀ ਰੈਂਕਿੰਗ ਹੋਣਾ ਵਧੀਆ ਲੱਗਦਾ ਹੈ। ਮੈਂ ਅਸਲ ’ਚ 2800 ਅਤੇ ਹੋਰ ਚੀਜ਼ਾਂ ਬਾਰੇ ਨਹੀਂ ਸੋਚ ਰਿਹਾ ਹਾਂ। ਇਸ ਸਾਲ ਦਾ ਟੀਚਾ ਹੈ ਕਿ ਘਰ ’ਚ ਸਖਤ ਮਿਹਨਤ ਕਰਨੀ ਅਤੇ ਜਿਹੜੇ ਟੂਰਨਾਮੈਂਟਾਂ ’ਚ ਖੇਡਾਂ, ਉਨ੍ਹਾਂ ’ਚ ਚੰਗਾ ਪ੍ਰਦਰਸ਼ਨ ਕਰਾਂ। ਭਵਿੱਖ ਦਾ ਟੀਚਾ 2025 ਦੇ ਕੈਂਡੀਡੇਟਸ ਲਈ ਕੁਆਲੀਫਾਈ ਕਰਨਾ ਅਤੇ ਇਕ ਦਿਨ ਵਿਸ਼ਵ ਚੈਂਪੀਅਨ ਬਣਨ ਦੀ ਕੋਸ਼ਿਸ਼ ਕਰਨਾ ਹੈ।

ਗੁਕੇਸ਼ ਬਨਾਮ ਡਿੰਗ ਵਿਸ਼ਵ ਚੈਂਪੀਅਨਸ਼ਿਪ ਮੈਚ ’ਤੇ ਤੁਹਾਡੇ ਵਿਚਾਰ ਕੀ ਹਨ?
ਹਾਂ, ਇਸ ਮੈਚ ’ਚ ਗੁਕੇਸ਼ ਅਜੇ ਮਨਸਪੰਦ ਹੈ। ਖਾਸ ਤੌਰ ’ਤੇ ਜੇਕਰ ਡਿੰਗ ਆਪਣੀ ਮੌਜੂਦਾ ਖੇਡ ਤੋਂ ਬਾਅਦ ਵਾਪਸੀ ਨਹੀਂ ਕਰਦਾ। ਗੁਕੇਸ਼ ਨੇ ਜੋ ਕੀਤਾ, ਉਹ ਹੈਰਾਨੀਜਨਕ ਹੈ, 17 ਸਾਲ ਦੀ ਉਮਰ ’ਚ ਕੈਂਡੀਡੇਟਸ ਜਿੱਤਣਾ ਅਤੇ 18 ਸਾਲ ਦੀ ਉਮਰ ’ਚ ਵਿਸ਼ਵ ਚੈਂਪੀਅਨਸ਼ਿਪ ਮੈਚ ਦੀ ਅਗਵਾਈ ਕਰਨਾ ਹੈ। ਆਮ ਤੌਰ ’ਤੇ ਲੋਕ ਉਸ ਉਮਰ ’ਚ ਅੰਡਰ-18 ਜਾਂ ਅੰਡਰ-10 ਵਿਸ਼ਵ ਚੈਂਪੀਅਨਸ਼ਿਪ ਲਈ ਖੇਡਦੇ ਹਨ।

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News