ਉਮੀਦ ਹੈ ਕਿ ਜ਼ਿੰਮੇਵਾਰੀ ਨਿਭਾਅ ਸਕਾਂਗਾ : ਮੈਕਸਵੀਨੀ
Tuesday, Nov 19, 2024 - 01:23 PM (IST)
ਪਰਥ– ਨਾਥਨ ਮੈਕਸਵੀਨੀ ਨੂੰ ਮਾਹਿਰ ਸਲਾਮੀ ਬੱਲੇਬਾਜ਼ ਨਾ ਹੋਣ ਦੇ ਬਾਵਜੂਦ ਆਸਟ੍ਰੇਲੀਆ ਵੱਲੋਂ ਡੈਬਿਊ ਕਰਦੇ ਹੋਏ ਪਾਰੀ ਦਾ ਆਗਾਜ਼ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਪਰ ਉਹ ਸ਼ੁੱਕਰਵਾਰ ਤੋਂ ਇੱਥੇ ਭਾਰਤ ਵਿਰੁੱਧ ਸ਼ੁਰੂ ਹੋ ਰਹੇ ਲੜੀ ਦੇ ਪਹਿਲੇ ਮੈਚ ਵਿਚ ਆਪਣੀ ਵੱਡੀ ਪ੍ਰੀਖਿਆ ਤੋਂ ਪਹਿਲਾਂ ਚਿੰਤਿਤ ਨਹੀਂ ਹੈ। ਮੈਕਸਵੀਨੀ ਨੂੰ ਪਹਿਲੇ ਟੈਸਟ ਦੀ ਟੀਮ ਵਿਚ ਨਿਯਮਤ ਸਲਾਮੀ ਬੱਲੇਬਾਜ਼ ਮਾਰਕਸ ਹੈਰਿਸ ’ਤੇ ਤਰਜੀਹ ਦਿੱਤੀ ਗਈ ਹੈ। ਇਸ ਮਹੀਨੇ ਭਾਰਤ-ਏ ਵਿਰੁੱਧ ਕੁਝ ਚੰਗੀਆਂ ਪਾਰੀਆਂ ਖੇਡਣ ਤੋਂ ਬਾਅਦ ਇਸ 25 ਸਾਲਾ ਗੇਂਦਬਾਜ਼ ਨੂੰ ਰਾਸ਼ਟਰੀ ਟੀਮ ਵਿਚ ਜਗ੍ਹਾ ਮਿਲੀ ਹੈ। ਉਹ ਘਰੇਲੂ ਕ੍ਰਿਕਟ ਵਿਚ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਦਾ ਹੈ।
ਮੈਕਸਵੀਨੀ ਨੇ ਸੋਮਵਾਰ ਨੂੰ ਇੱਥੇ ਨੈੱਟ ’ਤੇ ਪੈਟ ਕਮਿੰਸ, ਮਿਸ਼ੇਲ ਸਟਾਰਕ ਤੇ ਜੋਸ਼ ਹੇਜ਼ਲਵੁੱਡ ਦੀ ਆਸਟ੍ਰੇਲੀਆ ਦੀ ਸਟਾਰ ਤੇਜ਼ ਗੇਂਦਬਾਜ਼ ਤਿਕੜੀ ਦਾ ਸਾਹਮਣਾ ਕੀਤਾ ਤੇ ਇਸ ਦੌਰਾਨ ਕੰਟਰੋਲ ਵਿਚ ਦਿਸਿਆ। ਮੈਕਸਵੀਨੀ ਨੇ ਕਿਹਾ,‘‘ਮੇਰੇ ਲਈ ਕੀ ਕੰਮ ਕਰਦਾ ਹੈ, ਇਹ ਮੈਂ ਜਾਣਦਾ ਹਾਂ ਤੇ ਮਹਿਸੂਸ ਕਰਦਾ ਹਾਂ ਕਿ ਮੈਂ ਕੰਮ ਕਰਨ ਵਿਚ ਸਮਰੱਥ ਹਾਂ। ਮੈਂ ਆਪਣੀ ਹੁਣ ਤੱਕ ਦੀ ਸਰਵਸ੍ਰੇਸ਼ਠ ਬੱਲੇਬਾਜ਼ੀ ਕਰ ਰਿਹਾ ਹਾਂ, ਅਜਿਹਾ ਮੈਨੂੰ ਲੱਗਦਾ ਹੈ। ਉਮੀਦ ਹੈ ਕਿ ਮੈਂ ਸ਼ੁੱਕਰਵਾਰ ਨੂੰ ਵੀ ਅਜਿਹਾ ਕਰ ਸਕਾਂਗਾ।’’
ਉਸ ਨੇ ਕਿਹਾ,‘‘ਟੀਮ ਵਿਚ ਸ਼ਾਮਲ ਕੀਤੇ ਜਾਣ ’ਤੇ ਆਲੋਚਨਾ ਬਹੁਤ ਤੇਜ਼ੀ ਨਾਲ ਹੋਈ। ਤੁਸੀਂ ਬਿੱਗ ਬੈਸ਼ ਵਿਚ ਖੇਡ ਰਹੇ ਹੋ ਪਰ ਨਿਸ਼ਚਿਤ ਰੂਪ ਨਾਲ ਆਪਣੇ ਦੇਸ਼ ਲਈ ਖੇਡਣ ਦੇ ਬਾਰੇ ਵਿਚ ਜ਼ਿਆਦਾ ਚਰਚਾ ਹੁੰਦੀ ਹੈ ਜਿਵੇਂ ਕਿ ਹੋਣੀ ਵੀ ਚਾਹੀਦੀ ਹੈ। ਇਹ ਉਹ ਹੀ ਹੈ, ਜਿਹੜਾ ਤੁਸੀਂ ਬਚਪਨ ਤੋਂ ਕਰਨਾ ਚਾਹੁੰਦੇ ਸੀ।’’
ਮੈਕਸਵੀਨੀ ਨੇ ਕਿਹਾ, ‘‘ਮੇਰੇ ਕੋਲ ਬਹੁਤ ਸਾਰੇ ਸਮਰਥਕ ਹਨ, ਜਿਨ੍ਹਾਂ ਨੂੰ ਮੈਂ ਸਨਮਾਨਿਤ ਕਰਨਾ ਚਾਹੁੰਦਾ ਹਾਂ। ਬਹੁਤ ਸਾਰੇ ਪਰਿਵਾਰ ਹਨ, ਜਿਨ੍ਹਾਂ ਨੇ ਅੱਜ ਜਿੱਥੇ ਮੈਂ ਹਾਂ, ਮੇਰੇ ਇੱਥੇ ਪਹੁੰਚਣ ਲਈ ਬਹੁਤ ਤਿਆਗ ਕੀਤਾ ਹੈ ਤੇ ਬਹੁਤ ਸਾਰੇ ਕੋਚ ਹਨ, ਜਿਨ੍ਹਾਂ ਨੇ ਮੈਨੂੰ ਬਹੁਤ ਸਾਰੀਆਂ ਗੇਂਦਾਂ ਸੁੱਟੀਆਂ। ਉਮੀਦ ਹੈ ਕਿ ਮੈਂ ਉੱਥੇ ਜਾ ਕੇ ਚੰਗਾ ਖੇਡਾਂਗਾ ਤੇ ਉਨ੍ਹਾਂ ਨੂੰ ਸਨਮਾਨਿਤ ਕਰਾਂਗਾ।’’
ਅਭਿਆਸ ਸੈਸ਼ਨ ਦੌਰਾਨ ਆਸਟ੍ਰੇਲੀਆ ਦੇ ਹਮਲਾਵਰ ਬੱਲੇਬਾਜ਼ ਟ੍ਰੈਵਿਸ ਹੈੱਡ ਨੇ ਟੀਮ ਵਿਚ ਮੈਕਸਵੀਨੀ ਦੀ ਚੋਣ ਦਾ ਬਚਾਅ ਕੀਤਾ ਤੇ ਚੋਟੀਕ੍ਰਮ ਵਿਚ ਡੇਵਿਡ ਵਾਰਨਰ ਦੇ ਸੰਭਾਵਿਤ ਬਦਲ ਦੇ ਬਾਰੇ ਵਿਚ ਪੁੱਛੇ ਗਏ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ,‘‘ਮੈਕਸਵੀਨੀ ਨੇ ਚੰਗੀ ਸ਼ੁਰੂਆਤ ਕੀਤੀ ਹੈ। ਉਹ ਇਕ ਬਿਹਤਰੀਨ ਖਿਡਾਰੀ ਹੈ ਤੇ ਉਹ ਆਸਾਨੀ ਨਾਲ ਟੀਮ ਵਿਚ ਫਿੱਟ ਹੋ ਗਿਆ ਹੈ। ਜੇਕਰ ਉਹ ਉਹੀ ਕਰਦਾ ਹੈ ਜਿਹੜਾ ਉਹ ਕਰ ਰਿਹਾ ਹੈ ਤਾਂ ਉਹ ਪੂਰੀ ਤਰ੍ਹਾਂ ਨਾਲ ਸਹੀ ਹੋਣ ਵਾਲਾ ਹੈ।’’