ਹਾਕੀ ਵਿਸ਼ਵ ਕੱਪ : ਕੁਆਰਟਰ ਫਾਈਨਲ ''ਚ ਭਿੜਣਗੇ ਇੰਗਲੈਂਡ ਤੇ ਅਰਜਨਟੀਨਾ

12/10/2018 9:52:36 PM

ਭੁਵਨੇਸ਼ਵਰ- ਇੰਗਲੈਂਡ ਨੇ ਕਰਾਸ ਓਵਰ ਮੁਕਾਬਲੇ 'ਚ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ, ਜਿਥੇ ਉਸ ਦਾ ਮੁਕਾਬਲਾ ਓਲੰਪਿਕ ਚੈਂਪੀਅਨ ਅਰਜਨਟੀਨਾ ਨਾਲ ਹੋਵੇਗਾ।
ਟੂਰਨਾਮੈਂਟ ਦੇ ਫਾਰਮੈੱਟ ਅਨੁਸਾਰ ਹਰ ਪੂਲ 'ਚ ਦੂਜੇ ਤੇ ਤੀਜੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ ਕਰਾਸ ਓਵਰ ਮੈਚ 'ਚ ਉਤਰਨਾ ਹੈ ਅਤੇ ਜਿੱਤਣ ਵਾਲੀ ਟੀਮ ਕੁਆਰਟਰ ਫਾਈਨਲ 'ਚ ਪੁੱਜੇਗੀ। ਇੰਗਲੈਂਡ ਪੂਲ-ਬੀ 'ਚ ਦੂਜੇ ਤੇ ਨਿਊਜ਼ੀਲੈਂਡ ਪੂਲ-ਏ 'ਚ ਤੀਜੇ ਸਥਾਨ 'ਤੇ ਰਿਹਾ ਸੀ। ਕਲਿੰਗਾ ਸਟੇਡੀਅਮ 'ਚ ਖੇਡੇ ਗਏ ਇਸ ਮੁਕਾਬਲੇ 'ਚ ਪਹਿਲਾ ਕੁਆਰਟਰ ਗੋਲ ਰਹਿਤ ਰਹਿਣ ਤੋਂ ਬਾਅਦ ਇੰਗਲੈਂਡ ਨੇ 25ਵੇਂ ਮਿੰਟ 'ਚ ਵਿਲ ਕੈਲਨੇਨ ਦੇ ਮੈਦਾਨੀ ਗੋਲ ਨਾਲ ਬੜ੍ਹਤ ਬਣਾਈ, ਜਦਕਿ ਲਿਊਕ ਟੇਲਰ ਨੇ 44ਵੇਂ ਮਿੰਟ 'ਚ ਪੈਨਲਟੀ ਕਾਰਨਰ 'ਤੇ ਗੋਲ ਕਰ  ਕੇ ਇੰਗਲੈਂਡ ਨੂੰ 2-0 ਨਾਲ ਅੱਗੇ ਕਰ ਦਿੱਤਾ। ਉਥੇ ਹੀ ਖੇਡੇ ਗਏ ਇਕ ਹੋਰ ਕਰਾਸ ਓਵਰ  ਮੈਚ 'ਚ ਫਰਾਂਸ ਨੇ ਚੀਨ ਨੂੰ 1-0 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ, ਜਿਥੇ ਉਸ ਦਾ ਸਾਹਮਣਾ ਪਿਛਲੇ ਚੈਂਪੀਅਨ ਆਸਟਰੇਲੀਆ ਨਾਲ ਹੋਵੇਗਾ।
 


Related News