FIDE Women''s Grand Prix Chess : ਹਰਿਕਾ ਨੇ ਰੋਕਿਆ ਕੋਸਟੇਨਿਯੁਕ ਦਾ ਜੇਤੂ ਰਥ
Thursday, Feb 09, 2023 - 01:54 PM (IST)

ਮਿਊਨਿਖ (ਜਰਮਨ), (ਨਿਕਲੇਸ਼ ਜੈਨ)– ਫਿਡੇ ਮਹਿਲਾ ਗ੍ਰਾਂ. ਪ੍ਰੀ. ਸ਼ਤਰੰਜ ਟੂਰਨਾਮੈਂਟ ਦੇ ਪੰਜਵੇਂ ਰਾਊਂਡ ਵਿਚ ਲਗਾਤਾਰ ਚਾਰ ਰਾਊਂਡ ਜਿੱਤ ਚੁੱਕੀ ਰੂਸ ਦੀ ਸਾਬਕਾ ਵਿਸ਼ਵ ਚੈਂਪੀਅਨ ਅਲੈਗਜ਼ੈਂਡ੍ਰਾ ਕੋਸਟੇਨਿਯੁਕ ਨੂੰ ਭਾਰਤ ਦੀ ਹਰਿਕਾ ਦ੍ਰੋਣਾਵਲੀ ਨੇ ਪੰਜਵੀਂ ਜਿੱਤ ਦਰਜ ਨਹੀਂ ਕਰਨ ਦਿੱਤੀ। ਹਾਲਾਂਕਿ ਹਰਿਕਾ ਸਫੈਦ ਮੋਹਰਿਆਂ ਨਾਲ ਜਿੱਤ ਦੇ ਬੇਹੱਦ ਨੇੜੇ ਜਾ ਕੇ ਵੀ ਮੈਚ ਨੂੰ ਡਰਾਅ ਹੀ ਕਰਵਾ ਸਕੀ।
ਇਹ ਵੀ ਪੜ੍ਹੋ : ਸਾਨੀਆ ਅਤੇ ਬੇਥਾਨੀ ਅਬੂ ਧਾਬੀ ਓਪਨ ਦੇ ਪਹਿਲੇ ਦੌਰ 'ਚੋਂ ਬਾਹਰ
ਅਜੇ ਵੀ ਅਲੈਗਜ਼ੈਂਡ੍ਰਾ ਕੋਸਟੇਨਿਯੁਕ 4.5 ਅੰਕ ਬਣਾ ਕੇ ਆਪਣੀਆਂ ਹੋਰਨਾਂ ਨੇੜਲੀਆਂ ਵਿਰੋਧਣਾਂ ਤੋਂ 1.5 ਅੰਕ ਅੱਗੇ ਚੱਲ ਰਹੀ ਹੈ। ਭਾਰਤ ਦੀ ਕੋਨੇਰੂ ਹੰਪੀ ਨੇ ਜਾਰਜੀਆ ਦੀ ਨਾਨਾ ਦਗਨਿਦਜੇ ਨਾਲ ਬਾਜੀ ਡਰਾਅ ਖੇਡੀ ਤੇ ਇਸਦੇ ਨਾਲ ਹੀ ਦੋਵੇਂ ਖਿਡਾਰਨਾਂ 3 ਅੰਕਾਂ ਨਾਲ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਚੱਲ ਰਹੀਆਂ ਹਨ।
ਰਾਊਂਡ-4 ਤਕ ਦੂਜੇ ਸਥਾਨ ’ਤੇ ਚੱਲ ਰਹੀ ਯੂਕ੍ਰੇਨ ਦੀ ਮਾਰੀਆ ਮੁਜਯਚੁਕ ਨੂੰ ਪੋਲੈਂਡ ਦੀ ਅਲੀਨਾ ਕਾਸ਼ਲਿਨਸਕਾਯਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਹੋਰਨਾਂ ਮੁਕਾਬਲਿਆਂ ਵਿਚ ਯੂਕ੍ਰੇਨ ਦੀ ਐਨਾ ਮੁਜਯਚੁਕ ਨੇ ਚੀਨ ਦੀ ਝੂ ਜਿਨਰ ਨਾਲ, ਚੀਨ ਦੀ ਤਾਨ ਝੋਂਗਯੀ ਨੇ ਜਰਮਨੀ ਦੀ ਦਿਨਾਰਾ ਵੈਗਨਰ ਨਾਲ ਤੇ ਜਰਮਨੀ ਦੀ ਐਲਿਜ਼ਾਬੇਥ ਪੈਹਤਜ ਨੇ ਕਜ਼ਾਕਿਸਤਾਨ ਦੀ ਜਾਨਸਾਯਾ ਅਬਦੁਮਾਲਿਕ ਨਾਲ ਬਾਜ਼ੀ ਡਰਾਅ ਖੇਡੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।