IPL 'ਚ ਆਹਮੋ-ਸਾਹਮਣੇ ਹੋਣਗੇ ਦੋ ਭਰਾ, ਇਕ ਗੁਜਰਾਤ ਤੇ ਦੂਜਾ ਲਖਨਊ ਦੀ ਟੀਮ ਵਲੋਂ ਉਤਰੇਗਾ ਮੈਦਾਨ ’ਚ
Saturday, May 06, 2023 - 07:28 PM (IST)
ਅਹਿਮਦਾਬਾਦ (ਭਾਸ਼ਾ)-ਮੌਜੂਦਾ ਚੈਂਪੀਅਨ ਅਤੇ ਟੌਪ 'ਤੇ ਚੱਲ ਰਹੇ ਗੁਜਰਾਤ ਟਾਈਟਨਸ ਦਾ ਮੁਕਾਬਲਾ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿੱਚ ਐਤਵਾਰ ਨੂੰ ਲਖਨਊ ਸੁਪਰਜਾਇੰਟਸ ਨਾਲ ਹੋਵੇਗਾ। ਇਸ ਮੈਚ ਵਿੱਚ ਪੰਡਯਾ ਭਰਾਵਾਂ ਹਾਰਦਿਕ ਅਤੇ ਕਰੁਣਾਲ ਦੀ ਕਪਤਾਨੀ ਵੀ ਵੇਖਣ ਨੂੰ ਮਿਲ ਰਹੀ ਹੈ। ਹਾਰਦਿਕ ਨੇ ਕਈ ਮੌਕਿਆਂ 'ਤੇ ਭਾਰਤੀ ਟੀਮ ਦੀ ਕਪਤਾਨੀ ਕੀਤੀ ਹੈ ਅਤੇ ਉਹ ਪਿਛਲੇ ਸਾਲ ਤੋਂ ਗੁਜਰਾਤ ਟਾਈਟਨਸ ਦੇ ਕਪਤਾਨ ਹਨ। ਉਥੇ ਹੀ ਕਰੁਣਾਲ ਘਰੇਲੂ ਕ੍ਰਿਕਟ 'ਚ ਬੜੌਦਾ ਟੀਮ ਦੀ ਕਪਤਾਨੀ ਕਰਦੇ ਹਨ। ਉਨ੍ਹਾਂ ਨੂੰ ਕਪਤਾਨ ਕੇਐੱਲ ਰਾਹੁਲ ਦੇ ਸੱਟ ਲੱਗਣ ਕਾਰਨ ਲਖਨਊ ਸੁਪਰਜਾਇੰਟਸ ਦੀ ਕਪਤਾਨੀ ਸੌਂਪੀ ਗਈ ਹੈ। ਇਹ ਪਹਿਲੀ ਵਾਰ ਹੈ ਜਦੋਂ ਦੋ ਭਰਾ ਆਈਪੀਐਲ ਵਿੱਚ ਵੱਖ-ਵੱਖ ਟੀਮਾਂ ਦੀ ਅਗਵਾਈ ਕਰ ਰਹੇ ਹਨ।
ਹਾਰਦਿਕ ਦੀ ਅਗਵਾਈ 'ਚ ਗੁਜਰਾਤ ਟਾਈਟਨਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਫਿਲਹਾਲ ਉਨ੍ਹਾਂ ਦੀ ਟੀਮ 14 ਅੰਕਾਂ ਨਾਲ ਅੰਕ ਸੂਚੀ 'ਚ ਚੋਟੀ 'ਤੇ ਹੈ। ਕਰੁਣਾਲ ਨੇ ਚੇਨਈ ਸੁਪਰ ਕਿੰਗਜ਼ ਦੇ ਖ਼ਿਲਾਫ਼ ਜਿਹੜੀ ਪਹਿਲੇ ਮੈਚ ਵਿੱਚ ਲਖਨਊ ਦੀ ਕਪਤਾਨੀ ਕੀਤੀ, ਉਹ ਮੀਂਹ ਕਾਰ ਧੋ ਹੋ ਗਈ। ਉਸ ਦੀ ਜ਼ਿੰਮੇਵਾਰੀ ਟੀਮ ਦਾ ਮਨੋਬਲ ਵਧਾਉਣ ਦੀ ਵੀ ਹੋਵੇਗੀ, ਜਿਸ ਨੂੰ ਆਪਣੇ ਨਿਯਮਤ ਕਪਤਾਨ ਤੋਂ ਇਲਾਵਾ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਦੀ ਕਮੀ ਮਹਿਸੂਸ ਹੋਵੇਗੀ। ਲਖਨਊ ਇਸ ਸਮੇਂ 11 ਅੰਕਾਂ ਨਾਲ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਹੈ। ਉਸ ਨੂੰ ਚੇਨਈ ਦੇ ਖ਼ਿਲਾਫ਼ ਮੈਚ ਮੀਂਹ ਦੀ ਭੇਂਟ ਚੜ੍ਹ ਜਾਣ ਤੋਂ ਪਹਿਲਾਂ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰਾਹੁਲ ਉਸੇ ਮੈਚ ਵਿੱਚ ਜ਼ਖ਼ਮੀ ਹੋ ਗਿਆ ਸੀ, ਜਿਸ ਕਾਰਨ ਉਹ ਆਈਪੀਐਲ ਦੇ ਬਾਕੀ ਸੀਜ਼ਨ ਤੋਂ ਬਾਹਰ ਹੋ ਗਿਆ।