ਹਰਭਜਨ ਸਿੰਘ ਨੇ ਧੋਨੀ ਅਤੇ BCCI ਅਧਿਕਾਰੀਆਂ ’ਤੇ ਵਿੰਨ੍ਹੇ ਨਿਸ਼ਾਨੇ, ਕਿਹਾ-ਮੇਰੇ ਕਰੀਅਰ ’ਚ ਆਏ ਬਹੁਤ ਵਿਲੇਨ

Sunday, Jan 02, 2022 - 06:53 PM (IST)

ਹਰਭਜਨ ਸਿੰਘ ਨੇ ਧੋਨੀ ਅਤੇ BCCI ਅਧਿਕਾਰੀਆਂ ’ਤੇ ਵਿੰਨ੍ਹੇ ਨਿਸ਼ਾਨੇ, ਕਿਹਾ-ਮੇਰੇ ਕਰੀਅਰ ’ਚ ਆਏ ਬਹੁਤ ਵਿਲੇਨ

ਸਪੋਰਟਸ ਡੈਸਕ- ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸੰਨਿਆਸ ਲੈਣ ਦੇ ਬਾਅਦ ਭਾਰਤ ਦੇ ਸਾਬਕਾ ਧਾਕੜ ਸਪਿਨਰ ਹਰਭਜਨ ਸਿੰਘ ਨੇ ਵੱਡਾ ਖ਼ੁਲਾਸਾ ਕੀਤਾ ਹੈ। ਹਰਭਜਨ ਸਿੰਘ ਨੇ ਕਿਹਾ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਕੁਝ ਅਧਿਕਾਰੀ ਤੇ ਸਾਬਕਾ ਕਪਤਾਨ ਐੱਮ. ਐੱਸ. ਧੋਨੀ ਮੈਨੂੰ ਰਾਸ਼ਟਰੀ ਟੀਮ ਤੋਂ ਬਾਹਰ ਕਰਨ ਲਈ ਜ਼ਿੰਮੇਵਾਰ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਟੀਮ 'ਚੋਂ ਬਾਹਰ ਕਿਉਂ ਕੀਤਾ ਗਿਆ, ਇਸ ਦਾ ਕਾਰਨ ਨਹੀਂ ਦੱਸਿਆ ਗਿਆ। ਹਰਭਜਨ ਨੇ ਕਿਹਾ ਕਿ ਉਸ ਸਮੇਂ ਬੀ. ਸੀ .ਸੀ. ਆਈ. ਦੇ ਕੁਝ ਅਧਿਕਾਰੀ ਨਹੀਂ ਚਾਹੁੰਦੇ ਸਨ ਕਿ ਮੇਰੀ ਟੀਮ ਇੰਡੀਆ 'ਚ ਵਾਪਸੀ ਹੋਵੇ। ਉਦੋਂ ਧੋਨੀ ਕਪਤਾਨ ਸਨ ਤੇ ਉਨ੍ਹਾਂ ਨੇ ਵੀ ਅਧਿਕਾਰੀਆਂ ਦਾ ਸਪੋਰਟ ਕੀਤਾ। ਜੇਕਰ ਮੇਰੀ ਬਾਇਓਪਿਕ (ਫਿਲਮ) ਜਾਂ ਵੈੱਬ ਸੀਰੀਜ਼ ਬਣਦੀ ਹੈ, ਤਾਂ ਇਸ 'ਚ ਕੋਈ ਇਕ ਨਹੀਂ ਸਗੋਂ ਬਹੁਤ ਸਾਰੇ ਵਿਲੇਨ ਹੋਣਗੇ।

ਇਹ ਵੀ ਪੜ੍ਹੋ : SA v IND : ਦੂਜੇ ਟੈਸਟ ਤੋਂ ਪਹਿਲਾਂ ਟੀਮ ਇੰਡੀਆ ਨੇ ਕੀਤਾ ਅਭਿਆਸ, BCCI ਨੇ ਸ਼ੇਅਰ ਕੀਤੀਆਂ ਤਸਵੀਰਾਂ

PunjabKesari

ਮਹਾਨ ਸਪਿਨਰ ਨੇ ਬੀ. ਸੀ. ਸੀ. ਆਈ. ਦੇ ਕੁਝ ਅਧਿਕਾਰੀਆਂ ਦੇ ਉਨ੍ਹਾਂ ਪ੍ਰਤੀ ਵਿਵਹਾਰ 'ਤੇ ਖੁਲਾਸਾ ਕਰਦੇ ਹੋਏ ਕਿਹਾ ਕਿ ਕਿਸਮਤ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਹੈ। ਬਸ ਕੁਝ ਬਾਹਰੀ ਕਾਰਨ ਮੇਰੇ ਨਾਲ ਨਹੀਂ ਸਨ ਤੇ ਹੋ ਸਕਦਾ ਹੈ ਕਿ ਉਹ ਪੂਰੀ ਤਰ੍ਹਾਂ ਨਾਲ ਮੇਰੇ ਖ਼ਿਲਾਫ਼ ਸਨ। ਇਸ ਦਾ ਕਾਰਨ ਮੇਰੀ ਗੇਂਦਬਾਜ਼ੀ ਸੀ ਤੇ ਮੈਂ ਜਿਸ ਰਫ਼ਤਾਰ ਨਾਲ ਅੱਗੇ ਵਧ ਰਿਹਾ ਸੀ। ਮੈਂ 31 ਸਾਲਾਂ ਦਾ ਸੀ ਜਦੋਂ ਮੈਂ 400 ਵਿਕਟਾਂ ਲਈਆਂ। ਜੇਕਰ ਮੈਂ 4-5 ਸਾਲ ਹੋਰ ਖੇਡਦਾ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੈਂ 100-150 ਹੋਰ ਵਿਕਟਾਂ ਲੈ ਸਕਦਾ ਸੀ।

ਹਰਭਜਨ ਨੇ ਕਿਹਾ ਕਿ ਧੋਨੀ ਉਦੋਂ ਕਪਤਾਨ ਸਨ ਤੇ ਮੈਨੂੰ ਲਗਦਾ ਹੈ ਕਿ ਇਹ ਗੱਲ ਧੋਨੀ ਦੇ ਉੱਪਰ ਸੀ। ਕੁਝ ਹੱਦ ਤਕ ਇਸ 'ਚ ਕੁਝ ਬੀ. ਸੀ. ਸੀ. ਆਈ. ਅਧਿਕਾਰੀ ਇਸ 'ਚ ਸ਼ਾਮਲ ਸਨ ਜੋ ਚਾਹੁੰਦੇ ਸਨ ਕਿ ਮੈਂ ਟੀਮ 'ਚ ਨਾ ਰਹਾਂ ਤੇ ਕਪਤਾਨ ਧੋਨੀ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ। ਪਰ ਇਕ ਕਪਤਾਨ ਕਦੀ ਵੀ ਬੀ. ਸੀ. ਸੀ. ਆਈ. ਤੋਂ ਉੱਪਰ ਨਹੀਂ ਹੋ ਸਕਦਾ। ਬੀ. ਸੀ. ਸੀ. ਆਈ. ਦੇ ਅਧਿਕਾਰੀ ਹਮੇਸ਼ਾ ਕਪਤਾਨ, ਕੋਚ ਜਾਂ ਟੀਮ ਤੋਂ ਵੱਡੇ ਰਹੇ ਹਨ।

ਇਹ ਵੀ ਪੜ੍ਹੋ : ਦੱਖਣੀ ਅਫਰੀਕਾ 'ਚ ਇਤਿਹਾਸ ਰਚਣ ਉਤਰੇਗੀ ਭਾਰਤੀ ਟੀਮ, ਵਿਰਾਟ ਦੇ ਨਾਂ ਹੋ ਸਕਦੀ ਹੈ ਵੱਡੀ ਉਪਲੱਬਧੀ

PunjabKesari

ਹਰਭਜਨ ਨੇ ਅੱਗੇ ਕਿਹਾ ਕਿ ਬੀ. ਸੀ. ਸੀ. ਆਈ. ਦੇ ਇਸ਼ਾਰੇ 'ਤੇ ਧੋਨੀ ਨੂੰ ਬੇਜੋੜ ਸਮਰਥਨ ਮਿਲਿਆ। ਧੋਨੀ ਕੋਲ ਹੋਰਨਾ ਖਿਡਾਰੀਆਂ ਦੇ ਮੁਕਾਬਲੇ ਬਿਹਤਰ ਸਮਰਥਨ ਸੀ ਤੇ ਜੇਕਰ ਬਾਕੀ ਖਿਡਾਰੀਆਂ ਨੂੰ ਵੀ ਉੇਸੇ ਤਰ੍ਹਾਂ ਦਾ ਸਮਰਥਨ ਮਿਲਦਾ ਤਾਂ ਹੀ ਉਹ ਖੇਡਦੇ। ਅਜਿਹਾ ਨਹੀਂ ਸੀ ਕਿ ਬਾਕੀ ਖਿਡਾਰੀ ਅਚਾਨਕ ਬੱਲੇਬਾਜ਼ੀ ਤੇ ਗੇਂਦਬਾਜ਼ੀ ਕਰਨਾ ਭੁੱਲ ਗਏ ਸਨ। ਹਰਭਜਨ ਨੇ ਕਿਹਾ ਕਿ ਹਰ ਖਿਡਾਰੀ ਭਾਰਤ ਦੀ ਜਰਸੀ ਪਹਿਨ ਕੇ ਸੰਨਿਆਸ ਲੈਣਾ ਚਾਹੁੰਦਾ ਹੈ ਪਰ ਕਿਸਮਤ ਹਮੇਸ਼ਾ ਤੁਹਾਡੇ ਨਾਲ ਨਹੀਂ ਹੁੰਦੀ ਤੇ ਕਦੀ-ਕਦੀ ਤੁਸੀਂ ਜੋ ਚਾਹੁੰਦੇ ਹੋ ਉਹ ਨਹੀਂ ਮਿਲਦਾ। ਵੀ. ਵੀ. ਐੱਸ. (ਲਕਸ਼ਮਣ), ਰਾਹੁਲ (ਦ੍ਰਾਵਿੜ), ਵੀਰੂ (ਵਰਿੰਦਰ ਸਹਿਵਾਗ) ਜਿਹੇ ਵੱਡੇ ਨਾਂ ਤੇ ਕਈ ਹੋਰ ਜਿਨ੍ਹਾਂ ਨੇ ਬਾਅਦ 'ਚ ਸੰਨਿਆਸ ਲਿਆ, ਉਨ੍ਹਾਂ ਨੂੰ ਮੌਕਾ ਨਹੀਂ ਮਿਲਿਆ। ਹਰਭਜਨ ਸਿੰਘ ਨੇ 41 ਸਾਲ ਦੀ ਉਮਰ 'ਚ ਦਸੰਬਰ 2021 'ਚ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ।

ਹਰਭਜਨ ਨੇ ਆਪਣੀ ਜ਼ਿੰਦਗੀ 'ਤੇ ਬਾਇਓਪਿਕ ਬਣਾਉਣ ਦੀ ਇੱਛਾ ਵੀ ਜ਼ਾਹਰ ਕੀਤੀ। ਹਰਭਜਨ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ 'ਤੇ ਇਕ ਫ਼ਿਲਮ ਜਾਂ ਵੈੱਬ ਸੀਰੀਜ਼ ਬਣਾਉਣਾ ਚਾਹੁੰਦਾ ਹਾਂ ਤਾਂ ਜੋ ਲੋਕ ਮੇਰੀ ਕਹਾਣੀ ਬਾਰੇ ਜਾਣ ਸਕਣ ਕਿ ਮੈਂ ਕਿਸ ਤਰ੍ਹਾਂ ਦਾ ਆਦਮੀ ਹਾਂ ਤੇ ਮੈਂ ਕੀ ਕਰਦਾ ਹਾਂ। ਮੈਂ ਇਹ ਨਹੀਂ ਕਹਿ ਸਕਦਾ ਹਾਂ ਕਿ ਮੇਰੀ ਬਾਇਓਪਿਕ 'ਚ ਕੌਣ ਵਿਲੇਨ ਹੋਵੇਗਾ ਕਿਉਂਕਿ ਇੱਥੇ ਇਕ ਨਹੀਂ ਸਗੋਂ ਕਈ ਹਨ।

ਇਹ ਵੀ ਪੜ੍ਹੋ : ਭਾਰਤ ਮਜ਼ਬੂਤ ਟੀਮ, ਦੱਖਣੀ ਅਫ਼ਰੀਕਾ ਕੋਲ ਢੁਕਵਾਂ ਤਜਰਬਾ ਨਹੀਂ : ਹਾਸ਼ਿਮ ਅਮਲਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


author

Tarsem Singh

Content Editor

Related News