ਕੈਂਸਰ ਖ਼ਿਲਾਫ਼ ਜੰਗ ਦਾ ਸਮਰਥਨ ਕਰਨ ਲਈ ਜਾਮਨੀ ਰੰਗ ਦੀ ਪੋਸ਼ਾਕ ਪਹਿਨੇਗੀ ਗੁਜਰਾਤ ਟਾਈਟਨਜ਼ ਦੀ ਟੀਮ
Wednesday, May 10, 2023 - 01:13 PM (IST)
ਅਹਿਮਦਾਬਾਦ (ਭਾਸ਼ਾ)- ਗੁਜਰਾਤ ਟਾਈਟਨਜ਼ ਦੇ ਖਿਡਾਰੀ ਕੈਂਸਰ ਵਿਰੁੱਧ ਜੰਗ ਦਾ ਸਮਰਥਨ ਕਰਨ ਲਈ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 15 ਮਈ ਨੂੰ ਆਪਣੇ ਘਰੇਲੂ ਮੈਦਾਨ 'ਤੇ ਹੋਣ ਵਾਲੇ ਮੈਚ ਦੌਰਾਨ ਜਾਮਨੀ ਰੰਗ ਦੀ ਪੋਸ਼ਾਕ ਪਹਿਨਣਗੇ। ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇ ਜਾਣ ਵਾਲੇ ਇਸ ਮੈਚ 'ਚ ਹਾਰਦਿਕ ਪੰਡਯਾ ਦੀ ਅਗਵਾਈ ਵਾਲੀ ਟੀਮ ਸਨਰਾਈਜ਼ਰਸ ਹੈਦਰਾਬਾਦ ਨਾਲ ਭਿੜੇਗੀ। ਇਹ ਆਈ.ਪੀ.ਐੱਲ. ਵਿੱਚ ਘਰੇਲੂ ਮੈਦਾਨ ਵਿੱਚ ਉਸਦਾ ਆਖ਼ਰੀ ਮੈਚ ਹੋਵੇਗਾ।
ਇਸ ਪਹਿਲ ਦਾ ਉਦੇਸ਼ ਕੈਂਸਰ ਵਰਗੀ ਬਿਮਾਰੀ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ। ਭਾਰਤ ਅਤੇ ਦੁਨੀਆ ਵਿੱਚ ਕੈਂਸਰ ਕਾਰਨ ਹਰ ਸਾਲ ਹਜ਼ਾਰਾਂ ਲੋਕ ਮਰਦੇ ਹਨ। ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਾਮਨੀ ਰੰਗ ਹਰ ਕਿਸਮ ਦੇ ਕੈਂਸਰ ਦਾ ਪ੍ਰਤੀਕ ਹੈ ਅਤੇ ਇਹ ਇਸ ਭਿਆਨਕ ਬਿਮਾਰੀ ਤੋਂ ਪ੍ਰਭਾਵਿਤ ਲੋਕਾਂ ਦੀ ਯਾਦ ਦਿਵਾਉਂਦਾ ਹੈ। ਬਿਆਨ ਅਨੁਸਾਰ, ਗੁਜਰਾਤ ਟਾਈਟਨਜ਼ ਦਾ ਉਦੇਸ਼ ਜਾਮਨੀ ਰੰਗ ਦੇ ਪਹਿਰਾਵੇ ਵਿਚ ਲੋਕਾਂ ਵਿੱਚ ਇਸ ਬਿਮਾਰੀ ਦਾ ਜਲਦੀ ਪਤਾ ਲਗਾਉਣ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।