ਜਿੱਤ ਦੇ ਜਸ਼ਨ 'ਚ ਖੁੱਲ੍ਹੀ ਬੱਸ 'ਚ ਸੜਕਾਂ 'ਤੇ ਉਤਰੀ ਗੁਜਰਾਤ ਟਾਈਟਨਜ਼ ਦੀ ਟੀਮ, ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ
Tuesday, May 31, 2022 - 01:31 PM (IST)
ਅਹਿਮਦਾਬਾਦ (ਏਜੰਸੀ)- ਗੁਜਰਾਤ ਟਾਈਟਨਜ਼ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ ਦੇ ਆਪਣੇ ਪਹਿਲੇ ਹੀ ਸੀਜ਼ਨ ਵਿਚ ਖ਼ਿਤਾਬੀ ਜਿੱਤ ਦਾ ਜਸ਼ਨ ਮਨਾਉਣ ਲਈ ਸੋਮਵਾਰ ਨੂੰ ਉਪਰੋਂ ਖੁੱਲ੍ਹੀ ਬੱਸ ਵਿਚ ਸਵਾਰ ਹੋ ਕੇ ਸੜਕਾਂ 'ਤੇ ਉਤਰੀ ਤਾਂ ਉਨ੍ਹਾਂ ਦੀ ਇਕ ਝਲਕ ਦੇਖਣ ਲਈ ਹਜ਼ਾਰਾਂ ਪ੍ਰਸ਼ੰਸਕ ਸ਼ਹਿਰ ਦੀਆਂ ਸੜਕਾਂ 'ਤੇ ਜਮ੍ਹਾ ਹੋ ਗਏ। ਸੋਮਵਾਰ ਨੂੰ ਹੀ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰਭਾਈ ਪਟੇਲ ਨੇ ਵੀ ਨਵੇਂ ਆਈ.ਪੀ.ਐੱਲ. ਚੈਂਪੀਅਨ ਦੀ ਮੇਜ਼ਬਾਨੀ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਤ ਕੀਤਾ।
ਇਹ ਵੀ ਪੜ੍ਹੋ: 'ਦਿ ਗ੍ਰੇਟ ਖਲੀ' ਨੇ ਸਿੱਧੂ ਮੂਸੇਵਾਲਾ ਦੀ ਮੌਤ 'ਤੇ ਕੀਤਾ ਸੋਗ ਪ੍ਰਗਟ, ਪੰਜਾਬ ਸਰਕਾਰ ਤੋਂ ਕੀਤੀ ਇਹ ਮੰਗ
ਮੁੱਖ ਮੰਤਰੀ ਨੇ ਆਪਣੇ ਟਵਿਟਰ ਹੈਂਡਲ 'ਤੇ ਲਿਖਿਆ, 'ਆਈ.ਪੀ.ਐੱਲ. 2022 ਜੇਤੂ ਗੁਜਰਾਤ ਟਾਈਟਨਜ਼ ਦੇ ਖਿਡਾਰੀਆਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਟੀਮ ਦੇ ਸਾਰੇ ਮੈਂਬਰਾਂ ਦੇ ਦਸਤਖ਼ਤ ਵਾਲਾ ਬੱਲਾ ਮੈਨੂੰ ਭੇਂਟ ਕੀਤਾ। ਇਸ ਤੋਂ ਮਿਲਣ ਵਾਲੀ ਰਾਸ਼ੀ ਰਾਜ ਦੀਆਂ ਕੁੜੀਆਂ ਦੀ ਸਿੱਖਿਆ ਲਈ ਇਸਤੇਮਾਲ ਕੀਤੀ ਜਾਵੇਗੀ। ਸਾਰੇ ਖਿਡਾਰੀਆਂ ਨੂੰ ਵਧਾਈ।' ਐਤਵਾਰ ਨੂੰ ਨਰਿੰਦਰ ਮੋਦੀ ਸਟੇਡੀਅਮ ਵਿਚ ਹੋਏ ਫਾਈਨਲ ਵਿਚ ਟਾਈਟਨਜ਼ ਨੇ ਸਾਬਕਾ ਚੈਂਪੀਅਨ ਰਾਜਸਥਾਨ ਰਾਇਲਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਖ਼ਿਤਾਬ ਜਿੱਤਿਆ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਤਲ ਨੇ ਭਾਰਤੀ ਕ੍ਰਿਕਟ ਭਾਈਚਾਰੇ ਨੂੰ ਵੀ ਝੰਜੋੜਿਆ, ਟਵੀਟ ਕਰ ਪ੍ਰਗਟਾਇਆ ਅਫ਼ਸੋਸ
ਟਾਈਟਨਜ਼ ਦੀ ਟੀਮ 2008 ਵਿਚ ਰਾਇਲਜ਼ ਦੇ ਬਾਅਦ ਪਹਿਲੀ ਟੀਮ ਹੈ, ਜਿਸ ਨੇ ਆਪਣੇ ਪਹਿਲੇ ਹੀ ਸੀਜ਼ਨ ਵਿਚ ਖ਼ਿਤਾਬ ਜਿੱਤਿਆ। ਮੰਗਲਵਾਰ ਨੂੰ ਟੀਮ ਮੁੰਬਈ ਜਾਵੇਗੀ, ਜਿੱਥੇ ਟੀਮ ਦੇ ਮਾਲਕ ਜਿੱਤ ਦੇ ਜਸ਼ਨ ਦੀ ਪਾਰਟੀ ਦੇਣਗੇ। ਖ਼ਿਤਾਬੀ ਜਿੱਤ ਦੇ ਬਾਅਦ ਖਿਡਾਰੀਆਂ ਨੇ ਸਵੇਰੇ 3 ਵਜੇ ਤੱਕ ਪਾਰਟੀ ਕੀਤੀ ਅਤੇ ਫਿਰ ਟੀਮ ਹੋਟਲ ਵਿਚ ਵੀ ਜਸ਼ਨ ਮਨਾਇਆ ਗਿਆ। ਉਹ ਸਵੇਰੇ 6 ਵਜੇ ਆਪਣੇ ਕਮਰਿਆਂ ਵਿਚ ਪਰਤੇ। ਸਾਰੇ ਖਿਡਾਰੀਆਂ ਨਾਲ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਮੌਜੂਦ ਸਨ। ਸ਼ੁਭਮਨ ਗਿੱਲ ਨੂੰ ਸਪੋਰਟ ਕਰਨ ਉਨ੍ਹਾਂ ਦੇ ਪਿਤਾ ਆਏ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।