ਗ੍ਰੈਂਡ ਫਾਈਨਲ ਸ਼ਤਰੰਜ : ਨਾਕਾਮੁਰਾ ਦੀ ਕਾਰਲਸਨ ’ਤੇ ਇਕ ਹੋਰ ਜਿੱਤ
Thursday, Aug 20, 2020 - 03:16 AM (IST)
ਨਾਰਵੇ (ਨਿਕਲੇਸ਼ ਜੈਨ)– ਮੈਗਨਸ ਕਾਰਲਸਨ ਟੂਰ ਦੇ ਗ੍ਰੈਂਡ ਫਾਈਨਲ ਦੇ 5ਵੇਂ ਦਿਨ ਇਕ ਵਾਰ ਫਿਰ ਅਮਰੀਕਨ ਖਿਡਾਰੀ ਹਿਕਾਰੂ ਨਾਕਾਮੁਰਾ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ ਹਰਾ ਕੇ ਖਿਤਾਬ ਦੀ ਦੌੜ ’ਚ ਅੱਗੇ ਨਿਕਲ ਗਏ ਹਨ। ਪਿਛਲੇ 5 ਮੁਕਾਬਲਿਆਂ ’ਚ ਤੀਜੀ ਵਾਰ ਉਨ੍ਹਾਂ ਨੇ ਕਾਰਲਸਨ ਨੂੰ ਸ਼ਾਨਦਾਰ ਵਾਪਸੀ ਕਰਦੇ ਹੋਏ ਮਾਤ ਦਿੱਤੀ ਹੈ, ਜੋ ਉਨ੍ਹਾਂ ਦੀ ਸ਼ਾਨਦਾਰ ਲੈਅ ਨੂੰ ਦਿਖਾ ਰਹੀ ਹੈ। ਇਸ ਤੋਂ ਪਹਿਲਾਂ ਓਵਰਆਲ 2-2 ਦੇ ਕੁੱਲ ਸਕੋਰ ਨਾਲ ਦਿਨ ਦੀ ਖੇਡ ਦੀ ਸ਼ੁਰੂਆਤ ਇਕ ਵਾਰ ਮੁੜ 4 ਸੈੱਟਾਂ ਦੇ ਰੈਪਿਡ ਮੁਕਾਬਲਿਆਂ ਨਾਲ ਹੋਈ ਪਰ ਜ਼ੋਰਦਾਰ ਖੇਡ ਤੋਂ ਬਾਅਦ ਵੀ 4 ਮੁਕਾਬਲੇ ਡਰਾਅ ਰਹੇ, ਅਜਿਹੇ ’ਚ ਗੱਲ ਫਿਰ ਬਲਿਟਜ਼ ਟਾਈਬ੍ਰੇਕ ’ਤੇ ਆ ਪਹੁੰਚੀ।
ਇਸ ਵਾਰ ਪਹਿਲੇ ਬਲਿਟਜ਼ ਮੁਕਾਬਲੇ ’ਚ ਕਾਰਲਸਨ ਨੇ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਅਕਖਾਇਨ ਓਪੇਨਿੰਗ ਖੇਡਦੇ ਹੋਏ ਨਾਕਾਮੁਰਾ ਨੂੰ ਸ਼ਾਨਦਾਰ ਵਜ਼ੀਰ ਦੀ ਐਂਡਗੇਮ ’ਚ 58 ਚਾਲਾਂ ’ਚ ਮਾਤ ਦੇ ਕੇ 3-2 ਨਾਲ ਬੜ੍ਹਤ ਬਣਾ ਲਈ ਅਤੇ ਲੱਗਾ ਕਿ ਇਕ ਵਾਰ ਫਿਰ ਕਾਰਲਸਨ ਦਿਨ ਦੀ ਖੇਡ ਆਪਣੇ ਨਾਂ ਕਰ ਲਵੇਗਾ ਪਰ ਨਾਕਾਮੁਰਾ ਨੇ ਹਾਰ ਨਹੀਂ ਮੰਨੀ ਸੀ ਅਤੇ ਕਾਲੇ ਮੋਹਰਿਆਂ ਨਾਲ ਕਿੰਗਸ ਇੰਡੀਅਨ ਖੇਡਦੇ ਹੋਏ ਉਨ੍ਹਾਂ ਨੇ ਕਾਰਲਸਨ ਨੂੰ ਆਪਣੀ ਸ਼ਾਨਦਾਰ ਖੇਡ ਨਾਲ 80 ਚਾਲਾਂ ਤੱਕ ਚੱਲੀ ਖੇਡ ’ਚ ਹਰਾ ਦਿੱਤਾ ਅਤੇ ਸਕੋਰ 3-3 ਕਰ ਦਿੱਤਾ। ਹੁਣ ਨਜ਼ਰਾਂ ਸਨ ਅਰਮਾਗੋਦੇਨ ਦੇ ਮੁਕਾਬਲੇ ’ਤੇ, ਜਿਸ ’ਚ ਕਾਰਲਸਨ ਨੂੰ ਸਫੇਦ ਮੋਹਰਿਆਂ ਤੋਂ 5 ਮਿੰਟ ਮਿਲੇ ਤਾਂ ਨਾਕਾਮੁਰਾ ਨੂੰ ਕਾਲੇ ਮੋਹਰਿਆਂ ਨਾਲ 4 ਮਿੰਟ ਮਿਲੇ। ਇਸ ’ਚ ਨਿਯਮਾਂ ਅਨੁਸਾਰ ਉਨ੍ਹਾਂ ਨੂੰ ਸਿਰਫ ਜਿੱਤਣ ਲਈ ਡਰਾਅ ਦੀ ਲੋੜ ਸੀ ਜਦਕਿ ਕਾਰਲਸਨ ਨੇ ਕਿਸੇ ਵੀ ਤਰ੍ਹਾਂ ਜਿੱਤਣਾ ਸੀ। ਆਖਿਰ 53 ਚਾਲਾਂ ਦੇ ਇਸ ਮੁਕਾਬਲੇ ’ਚ ਕਾਰਲਸਨ ਹਾਰ ਗਏ ਅਤੇ ਨਾਕਾਮੁਰਾ ਨੇ 4-3 ਨਾਲ ਦਿਨ ਆਪਣੇ ਨਾਂ ਕਰਦੇ ਹੋਏ ਬੈਸਟ ਆਫ 7 ਦੇ ਫਾਈਨਲ ’ਚ 3-2 ਨਾਲ ਬੜ੍ਹਤ ਕਾਇਮ ਕਰ ਲਈ।