ਓਲੰਪਿਕ ਕੁਆਲੀਫਾਇਰ ਰੀਡ ਲਈ ਪਹਿਲੀ ਚੁਣੌਤੀ : ਗੋਮਸ
Sunday, Mar 31, 2019 - 04:25 PM (IST)

ਮੁੰਬਈ— ਸਾਬਕਾ ਹਾਕੀ ਓਲੰਪੀਅਨ ਮਾਰਸੇਲਸ ਗੋਮਸ ਦਾ ਮੰਨਣਾ ਹੈ ਕਿ ਰਾਸ਼ਟਰੀ ਪੁਰਸ਼ ਟੀਮ ਦੇ ਨਵੇਂ ਕੋਚ ਗ੍ਰਾਹਮ ਰੀਡ ਲਈ ਪਹਿਲੀ ਵੱਡੀ ਚੁਣੌਤੀ 2020 ਟੋਕੀਓ ਓਲੰਪਿਕ ਦੇ ਕੁਆਲੀਫਾਇਰ ਮੁਕਾਬਲੇ ਹੋਣਗੇ। ਪਿਛਲੇ ਸਾਲ ਭੁਵਨੇਸ਼ਵਰ 'ਚ ਵਿਸ਼ਵ ਕੱਪ 'ਚ ਟੀਮ ਦੇ ਕੁਆਰਟਰ ਫਾਈਨਲ 'ਚ ਬਾਹਰ ਹੋਣ 'ਤੇ ਜਨਵਰੀ 'ਚ ਹਰਿੰਦਰ ਸਿੰਘ ਦੀ ਬਰਖਾਸਤੀ ਦੇ ਬਾਅਦ ਆਸਟਰੇਲੀਆ ਦੇ ਗ੍ਰਾਹਮ ਰੀਡ ਭਾਰਤੀ ਪੁਰਸ਼ ਹਾਕੀ ਟੀਮ ਦੇ ਕੋਚ ਦੀ ਕਮਾਨ ਸੰਭਾਲਣ ਜਾ ਰਹੇ ਹਨ।
ਗੋਮਸ ਨੇ ਪੱਤਰਕਾਰਾਂ ਨੂੰ ਕਿਹਾ, ''ਰੀਡ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਯਕੀਨੀ ਕਰਨਾ ਹੈ ਕਿ ਟੀਮ ਕੁਆਲੀਫਾਈ (2020 ਟੋਕੀਓ ਓਲੰਪਿਕ ਲਈ) ਕਰੇ ਅਤੇ ਕੁਆਲੀਫਾਇੰਗ ਰਾਊਂਡ ਕਾਫੀ ਅਹਿਮ ਹੈ।'' ਇਸ ਮੌਕੇ 'ਤੇ ਮਹਿੰਦਰਾ ਟੀਮ ਦੇ ਉਨ੍ਹਾਂ ਦੇ ਸਾਬਕਾ ਸਹਿਯੋਗੀ ਅਤੇ ਭਾਰਤ ਦੇ ਸਾਬਕਾ ਕਪਤਾਨ ਐੱਮ.ਏ. ਸੋਮਾਇਆ ਨੇ ਕਿਹਾ ਕਿ ਰੀਡ ਦੇ ਕਾਰਜਭਾਰ ਸੰਭਾਲਣ ਦੇ ਨਾਲ ਹੀ ਆਸਟਰੇਲੀਆਈ ਖੇਡ ਸ਼ੈਲੀ ਪ੍ਰਭਾਵੀ ਹੋ ਸਕਦੀ ਹੈ ਜਿਸ ਨਾਲ ਰਾਸ਼ਟਰੀ ਟੀਮ ਨੂੰ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਗ੍ਰਾਹਮ ਰੀਡ ਇਕ ਤਜਰਬੇਕਾਰ ਕੋਚ ਹੈ। ਸੋਮਾਇਆ ਮੁਤਾਬਕ ਖਿਡਾਰੀਆਂ ਲਈ ਪੈਨਲਟੀ ਕਾਰਨਰ ਨੂੰ ਗੋਲ 'ਚ ਬਦਲਣ ਦੇ ਨਾਲ ਆਖਰੀ ਪਾਸ 'ਤੇ ਸਟੀਕ ਸਟ੍ਰੋਕ ਖੇਡਣ ਦੇ ਖੇਤਰ 'ਚ ਸੁਧਾਰ ਕਰਨ ਦੀ ਜ਼ਰੂਰਤ ਹੈ।