ਗੂਗਲ ਨੇ ਮਹਾਨ ਤੈਰਾਕ ਦੀ ਯਾਦ ’ਚ ਬਣਾਇਆ ਡੂਡਲ, ਜਾਣੋ ਕੌਣ ਹੈ ‘ਹਿੰਦੁਸਤਾਨੀ ਜਲਪਰੀ’

09/24/2020 1:34:13 PM

ਨਵੀਂ ਦਿੱਲੀ– ਸਰਚ ਇੰਜਣ ਗੂਗਲ ਨੇ ਵੀਰਵਾਰ ਨੂੰ ਮਹਾਨ ਭਾਰਤੀ ਤੈਰਾਕ ਆਰਤੀ ਸਾਹਾ ਨੂੰ ਯਾਦ ਕੀਤਾ ਹੈ। ਆਰਤੀ ਦਾ ਅੱਜ ਯਾਨੀ 24 ਸਤੰਬਰ ਨੂੰ 80ਵਾਂ ਜਨਮਦਿਨ ਹੈ। ਉਹ ਸਾਲ 1959 ’ਚ ਤੈਰ ਕੇ ਇੰਗਲਿਸ਼ ਚੈਨਲ ਪਾਰ ਕਰਨ ਵਾਲੀ ਪਹਿਲੀ ਏਸ਼ੀਆਈ ਤੈਰਾਕ ਬਣੀ ਸੀ। ਉਨ੍ਹਾਂ ਨੇ ਆਪਣਾ ਹੀ ਨਹੀਂ ਸਗੋਂ ਦੇਸ਼ ਦਾ ਵੀ ਨਾਂ ਰੌਸ਼ਨ ਕੀਤਾ ਸੀ। ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ।

 

ਆਰਤੀ ਦਾ ਜਨਮ 24 ਸਤੰਬਰ 1940 ਨੂੰ ਕੋਲਕਾਤਾ ਦੇ ਇਕ ਮੱਧ ਵਰਗ ਦੇ ਪਰਿਵਾਰ ’ਚ ਹੋਇਆ ਸੀ। 2 ਸਾਲ ਦੀ ਉਮਰ ’ਚ ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਦਾਦੀ ਨੇ ਹੀ ਉਨ੍ਹਾਂ ਦਾ ਪਾਲਣ-ਪੋਸ਼ਣ ਕੀਤਾ। ਉੱਤਰੀ ਕੋਲਕਾਤਾ ਦੇ ਚੰਪਾਤਾਲਾ ਘਾਟ ’ਚ ਨਹਾਉਣ ਜਾਂਦੀ ਆਰਤੀ ਨੇ ਉਥੇ ਹੀ ਤੈਰਾਕੀ ਸਿਖੀ। ਆਰਤੀ ਦੀ ਤੈਰਾਕੀ ’ਚ ਰੁਚੀ ਨੂੰ ਵੇਖਦੇ ਹੋਏ ਉਸ ਦੇ ਪਿਤਾ ਨੇ ਉਸ ਦਾ ਦਾਖ਼ਲਾ ਹਾਤਖੋਲਾ ਸਵੀਮਿੰਗ ਕਲੱਬ ’ਚ ਕਰਵਾਇਆ। ਹਾਤਖੋਲਾ ਸਵੀਮਿੰਗ ਕਲੱਬ ’ਚ ਏਸ਼ੀਅਨ ਗੇਮਸ ’ਚ ਦੇਸ਼ ਨੂੰ ਪਹਿਲਾਂ ਸੋਨ ਦਮਗਾ ਦਿਵਾਉਣ ਵਾਲੇ, ਸਚਿਨ ਨਾਗ ਨੇ ਆਰਤੀ ਦੀ ਪ੍ਰਤਿਭਾ ਵੇਖੀ ਅਤੇ ਉਨ੍ਹਾਂ ਨੂੰ ਟ੍ਰੇਨ ਕਰਨ ਦਾ ਫੈਸਲਾ ਕੀਤਾ। 

5 ਸਾਲ ਦੀ ਉਮਰ ’ਚ ਹੀ ਆਰਤੀ ਦਾ ਸਵੀਮਿੰਗ ਕਰੀਅਰ ਸ਼ੁਰੂ ਹੋ ਗਿਆ। ਉਸ ਦੌਰ ’ਚ ਧਾਰਮਿਕ ਹਿੰਸਾ ਕਾਰਨ ਬੰਗਾਲ ਬਿਖ਼ਰ ਰਿਹਾ ਸੀ ਅਤੇ ਉਥੇ ਹੀ ਦੂਜੇ ਪਾਸੇ ਆਰਤੀ ਨਵਾਂ ਇਤਿਹਾਸ ਰਚ ਰਹੀ ਸੀ। 1946 ’ਚ ਸ਼ੈਲੇਂਦਰ ਮੈਮੋਰੀਅਲ ਸਵੀਮਿੰਗ ਮੁਕਾਬਲੇ ਆਯੋਜਿਤ ਕੀਤੇ ਗਏ। 110 ਗਜ਼ ਫ੍ਰੀਸਟਾਈਲ ’ਚ ਆਰਤੀ ਨੇ ਆਪਣਾ ਪਹਿਲਾ ਸੋਨ ਤਮਗਾ ਜਿੱਤਿਆ। ਇਸ ਤੋਂ ਬਾਅਦ ਆਰਤੀ ਰੁੱਕੀ ਨਹੀਂ। ਵੱਖ-ਵੱਖ ਰਾਜ-ਪੱਧਰੀ ਮੁਕਾਬਲੇਬਾਜ਼ੀਆਂ ’ਚ ਆਰਤੀ ਨੇ 22 ਮੈਡਲ ਜਿੱਤੇ। 1948 ’ਚ ਮੁੰਬਈ ’ਚ ਹੋਈ ਰਾਸ਼ਟਰੀ ਚੈਂਪੀਅਨਸ਼ਿਪ ’ਚ ਆਰਤੀ ਨੇ 2 ਚਾਂਦੀ ਅਤੇ 1 ਕਾਂਸੀ ਮੈਡਲ ਜਿੱਤੇ। 

PunjabKesari

12 ਸਾਲ ਦੀ ਉਮਰ ’ਚ ਲਿਆ ਸੀ ਓਲੰਪਿਕ ’ਚ ਭਾਗ
ਇੰਝ ਹੋਈ ਅੰਤਰਰਾਸ਼ਟਰੀ ਸਫ਼ਰ ਦੀ ਸ਼ੁਰੂਆਤ1952 ’ਚ ਆਰਤੀ ਦਾ ਅੰਤਰਰਾਸ਼ਟਰੀ ਸਫ਼ਰ ਸ਼ੁਰੂ ਹੋਇਆ। ਆਰਤੀ ਅਤੇ ਡਾਲੀ ਨਜ਼ੀਰ ਨੇ ਫਿਨਲੈਂਡ ’ਚ ਹੋ ਰਹੇ ਸਮਰ ਓਲੰਪਿਕ ’ਚ ਦੇਸ਼ ਦੀ ਅਗਵਾਈ ਕੀਤੀ।ਭਾਰਤੀ ਦਸਤੇ ’ਚ ਸਿਰਫ 4 ਬੀਬੀਆਂ ਸਨ ਅਤੇ ਆਰਤੀ ਸਭ ਤੋਂ ਛੋਟੀ ਸੀ। ਆਰਤੀ ਨੇ ਕੋਈ ਮੈਡਲ ਨਹੀਂ ਜਿੱਤਿਆ ਪਰ 12 ਸਾਲ ਦੀ ਉਮਰ ’ਚ ਭਾਰਤ ਦੀ ਅਗਵਾਈ ਕਰਨਾ ਕਿਸੇ ਵੱਡੀ ਸਫਲਤਾ ਤੋਂ ਘੱਟ ਨਹੀਂ ਸੀ। 

PunjabKesari

ਇੰਝ ਇੰਗਲਿਸ਼ ਚੈਨਲ ਦੀਆਂ ਲਹਿਰਾਂ ਨੂੰ ਜਿੱਤਿਆ
ਇਕ ਰਿਪੋਰਟ ਮੁਤਾਬਕ, ਇੰਗਲਿਸ਼ ਚੈਨਲ ਦੱਖਣੀ ਇੰਗਲੈਂਡ ਅਤੇ ਉੱਤਰੀ ਫਰਾਂਸ ਨੂੰ ਵੱਖ ਕਰਦਾ ਹੈ ਅਤੇ ਨੋਰਥ ਸੀ ਨੂੰ ਅਟਲਾਂਟਿਕ ਮਹਾਸਾਗਰ ਨਾਲ ਜੋੜਦਾ ਹੈ। ਇਸ ਦੇ ਠੰਡੇ ਤਾਪਮਾਨ ਅਤੇ ਤੈਰਾਕੀ ਦੀਆਂ ਮੁਸ਼ਕਲਾਂ ਕਾਰਨ ਇਸ ਨੂੰ ‘ਸਵੀਮਿੰਗ ਦਾ ਮਾਊਂਟ ਐਵਰੈਸਟ’ ਕਿਹਾ ਜਾਂਦਾ ਹੈ। ਇਸ ਚੈਨਲ ਨੂੰ ਪਾਰ ਕਰਨ ਚੁੱਕੇ ਕਈ ਬੀਬੀਆਂ ਅਤੇ ਪੁਰਸ਼ਾਂ ਤੋਂ ਪ੍ਰੇਰਿਤ ਹੋ ਕੇ ਆਰਤੀ ਨੇ ਵੀ ਇਸ ਨੂੰ ਪਾਰ ਕਰਨ ਦਾ ਫੈਸਲਾ ਲਿਆ। ਸਖ਼ਤ ਟ੍ਰੇਨਿੰਗ ਤੋਂ ਬਾਅਦ ਆਰਤੀ 24 ਜੁਲਾਈ, 1959 ਨੂੰ ਇੰਗਲੈਂਡ ਲਈ ਰਵਾਨਾ ਹੋਈ। 27 ਅਗਸਤ ਨੂੰ ਰੇਸ ਹੋਣ ਵਾਲੀ ਸੀ, ਰੇਸ ਫਰਾਂਸ ਦੇ ਕੇਪ ਗਰੀਸ ਨੇਜ ਤੋਂ ਇੰਗਲੈਂਡ ਦੇ ਸੈਂਡਗੇਟ ਦੇ 42 ਮੀਲ ਦੇ ਸਟ੍ਰੇਚ ਦੀ ਸੀ। ਇਸ ਰੇਸ ’ਚ 23 ਦੇਸ਼ਾਂ ਦੇ 58 ਪ੍ਰਤੀਭਾਗੀਆਂ ਨੇ ਹਿੱਸਾ ਲਿਆ, ਜਿਸ ਵਿਚ 5 ਬੀਬੀਆਂ ਸਨ। 

ਆਖ਼ਿਰਕਾਰ ਮੁਕਾਬਲੇਬਾਜ਼ੀ ਦਾ ਦਿਨ ਆ ਗਿਆ। ਆਰਤੀ ਦਾ ਪਾਇਲਟ ਬੋਟ ਸਮੇਂ ਸਿਰ ਨਹੀਂ ਪਹੁੰਚਿਆ ਅਤੇ ਉਨ੍ਹਾਂ ਨੂੰ 40 ਮਿੰਟ ਦੇਰੀ ਨਾਲ ਰੇਸ ਸ਼ੁਰੂ ਕਰਨੀ ਪਈ। ਆਰਤੀ ਤੱਟ ਤੋਂ 5 ਮੀਲ ਹੀ ਅੱਗੇ ਵਧੀ ਸੀ ਕਿ ਉਨ੍ਹਾਂ ਨੂੰ ਖ਼ਤਰਾਕ ਮੌਸਮ ਦਾ ਸਾਹਮਣਾ ਕਰਨਾ ਪਿਆ। ਪਾਣੀ ਦੇ ਵਹਾਅ ਨਾਲ 6 ਘੰਟਿਆਂ ਤਕ ਲੜਨ ਤੋਂ ਬਾਅਦ ਪਾਇਲੇਟ ਦੇ ਦਬਾਅ ਕਾਰਨ ਆਰਤੀ ਨੂੰ ਰੇਸ ਛੱਡਣੀ ਪਈ। ਆਰਤੀ ਨੇ ਹਿੰਮਤ ਨਹੀਂ ਹਾਰੀ। ਦੁਬਾਰਾ ਟ੍ਰੇਨਿੰਗ ਕੀਤੀ ਅਤੇ ਇੰਗਲਿਸ਼ ਚੈਨਲ ਨੂੰ ਹਰਾਉਣ ਦੀ ਦੂਜੀ ਕੋਸ਼ਿਸ਼ਕੀਤੀ। 29 ਸਤੰਬਰ, 1959 ਨੂੰ ਆਰਤੀ ਨੇ ਦੂਜੀ ਕੋਸ਼ਿਸ਼ ਕੀਤੀ। 16 ਘੰਟੇ, 20 ਮਿੰਟਾਂ ਤਕ ਲਹਿਰਾਂ ਅਤੇ ਪਾਣੀ ਦੇ ਤੇਜ਼ ਵਹਾਅ ਨਾਲ ਟੱਕਰ ਲੈਣ ਤੋਂ ਬਾਅਦ ਆਰਤੀ ਸੈਂਡਗੇਟ ਪਹੁੰਚੀ। ਤੱਟ ’ਤੇ ਪਹੁੰਚ ਕੇ ਆਰਤੀ ਨੇ ਤਿਰੰਗਾ ਲਹਿਰਾਇਆ। ਆਰਤੀ ਨੇ ਇਹ ਸਫਲਤਾ ਹਾਸਲ ਕਰਕੇ ਨਾ ਸਿਰਫ ਆਪਣਾ ਸਗੋਂ ਦੇਸ਼ ਦਾ ਵੀ ਨਾਂ ਰੌਸ਼ਨ ਕੀਤਾ ਅਤੇ ਇਤਿਹਾਸ ’ਚ ਆਪਣਾ ਨਾਂ ਅਮਰ ਕਰ ਲਿਆ। 

1960 ’ਚ ਮਿਲਿਆ ਪਦਮ ਸ਼੍ਰੀ ਪੁਰਸਕਾਰ
ਸਾਲ 1960 ’ਚ ਆਰਤੀ ਸਾਹਾ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਭਾਰਤੀ ਡਾਕ ਨੇ ਉਨ੍ਹਾਂ ਦੇ ਜੀਵਨ ਤੋਂ ਜਨਾਨੀਆਂ ਨੂੰ ਪ੍ਰੇਰਿਤ ਕਰਨ ਲਈ ਸਾਲ 1998 ’ਚ ਇਕ ਡਾਕ ਟਿਕਟ ਵੀ ਜਾਰੀ ਕੀਤੀ। 


Rakesh

Content Editor

Related News