ਸੋਨ ਤਮਗੇ ਨਾਲ ਵਿਨੇਸ਼ ਬਣੀ ਨੰਬਰ ਇਕ ਪਹਿਲਵਾਨ
Monday, Mar 08, 2021 - 01:18 PM (IST)
ਰੋਮ (ਯੂ. ਐੱਨ. ਆਈ.)– ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਅਤੇ ਟੋਕੀਓ ਓਲੰਪਿਕ ’ਚ ਭਾਰਤ ਦੀ ਤਮਗੇ ਦੀ ਸਭ ਤੋਂ ਵੱਡੀ ਉਮੀਦ ਵਿਨੇਸ਼ ਫੋਗਾਟ ਨੇ ਰੋਮ ’ਚ ਚੱਲ ਰਹੀ ਮਾਟੀਓ ਪੈਲੀਕੋਨ ਰੈਂਕਿੰਗ ਕੁਸ਼ਤੀ ਸੀਰੀਜ਼ ’ਚ ਸੋਨ ਤਮਗਾ ਆਪਣੇ ਨਾਂ ਕਰ ਲਿਆ ਹੈ। ਵਿਨੇਸ਼ ਨੇ ਇਸ ਦੇ ਨਾਲ ਹੀ ਦੁਨੀਆ ’ਚ ਆਪਣੇ ਭਾਰ ਵਰਗ ’ਚ ਨੰਬਰ ਇਕ ਦੀ ਰੈਂਕਿੰਗ ਫਿਰ ਤੋਂ ਹਾਸਲ ਕਰ ਲਈ ਹੈ। 26 ਸਾਲਾ ਵਿਨੇਸ਼ ਨੇ ਸ਼ਨੀਵਾਰ ਨੂੰ 53 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਮੁਕਾਬਲੇ ’ਚ ਕੈਨੇਡਾ ਦੀ ਪਹਿਲਵਾਨ ਡਾਇਨਾ ਵੀਕਰ ਨੂੰ 4-0 ਨਾਲ ਹਰਾਇਆ। ਵਿਨੇਸ਼ ਨੇ ਹਫਤੇ ਦੇ ਅੰਦਰ ਹੀ ਦੂਜਾ ਸੋਨ ਤਮਗਾ ਜਿੱਤਿਆ ਹੈ। ਉਸ ਨੇ ਇਸ ਤੋਂ ਪਹਿਲਾਂ ਯੂਕਰੇਨੀਅਨ ਕੁਸ਼ਤੀ ਟੂਰਨਾਮੈਂਟ ’ਚ ਵੀ ਸੋਨ ਤਮਗਾ ਜਿੱਤਿਆ ਸੀ।
ਇਹ ਵੀ ਪੜ੍ਹੋ: 8 ਲੋਕਾਂ ਨੂੰ ਮੁਫ਼ਤ ’ਚ ਚੰਨ ਦੀ ਸੈਰ ਕਰਾਏਗਾ ਇਹ ਅਰਬਪਤੀ, ਅਪਲਾਈ ਕਰਨ ਵਾਲਿਆਂ ’ਚ ਭਾਰਤੀ ਮੋਹਰੀ
ਟੋਕੀਓ ਓਲੰਪਿਕ ਦਾ ਕੋਟਾ ਹਾਸਲ ਕਰ ਚੁੱਕੀ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਵਿਨੇਸ਼ ਹੁਣ ਤੱਕ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਵਾਲੀ ਇਕਲੌਤੀ ਮਹਿਲਾ ਪਹਿਲਵਾਨ ਹੈ। ਵਿਨੇਸ਼ ਨੇ ਆਪਣੇ ਸਾਰੇ ਅੰਕ ਪਹਿਲੇ ਰਾਊਂਡ ’ਚ ਹਾਸਲ ਕੀਤੇ ਅਤੇ ਆਪਣੀ ਬੜ੍ਹਤ ਨੂੰ ਦੂਜੇ ਰਾਊਂਡ ’ਚ ਬਰਕਰਾਰ ਰੱਖ ਕੇ ਲਗਾਤਾਰ ਦੂਜਾ ਸੋਨ ਤਮਗਾ ਜਿੱਤ ਲਿਆ। ਵਿਨੇਸ਼ ਨੇ ਟੂਰਨਾਮੈਂਟ ’ਚ ਇਕ ਵੀ ਅੰਕ ਨਹੀਂ ਗੁਆਇਆ ਹੈ। ਇਕ ਹੋਰ ਭਾਰਤੀ ਪਹਿਲਵਾਨ ਸਰਿਤਾ ਮੋਰ ਨੇ 57 ਕਿਲੋਗ੍ਰਾਮ ’ਚ ਚਾਂਦੀ ਤਮਗਾ ਜਿੱਤਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।