ਗੌਫ ਚਾਈਨਾ ਓਪਨ ਦੇ ਫਾਈਨਲ ''ਚ ਪਹੁੰਚੀ
Saturday, Oct 05, 2024 - 06:02 PM (IST)

ਬੀਜਿੰਗ (ਭਾਸ਼ਾ) ਅਮਰੀਕਾ ਦੀ ਕੋਕੋ ਗੌਫ ਨੇ ਇਕ ਸੈੱਟ ਤੋਂ ਪਿੱਛੇ ਰਹਿ ਕੇ ਸ਼ਾਨਦਾਰ ਵਾਪਸੀ ਕਰਦੇ ਹੋਏ ਸ਼ਨੀਵਾਰ ਨੂੰ ਪਾਉਲਾ ਬਡੋਸਾ ਨੂੰ 4-6, 6-4, 6-2 ਨਾਲ ਹਰਾ ਕੇ ਚਾਈਨਾ ਓਪਨ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਇਹ ਲਗਾਤਾਰ ਤੀਜਾ ਮੈਚ ਹੈ ਜਦੋਂ ਗੌਫ ਨੇ ਇੱਕ ਸੈੱਟ ਤੋਂ ਪਿੱਛੇ ਰਹਿ ਕੇ ਜ਼ੋਰਦਾਰ ਵਾਪਸੀ ਕੀਤੀ ਅਤੇ ਮੈਚ ਜਿੱਤ ਲਿਆ।
ਡਬਲਯੂ.ਟੀ.ਏ.-1000 ਪੱਧਰ ਦੇ ਇਸ ਟੂਰਨਾਮੈਂਟ ਦੇ ਫਾਈਨਲ 'ਚ ਐਤਵਾਰ ਨੂੰ ਛੇਵਾਂ ਦਰਜਾ ਪ੍ਰਾਪਤ ਗੌਫ ਨੂੰ ਓਲੰਪਿਕ ਸੋਨ ਤਮਗਾ ਜੇਤੂ ਝੇਂਗ ਕਿਆਨਵੇਨ ਜਾਂ ਚੈੱਕ ਗਣਰਾਜ ਦੀ ਕੈਰੋਲੀਨਾ ਮੁਚੋਵਾ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। 20 ਸਾਲਾ ਖਿਡਾਰਨ 19ਵੀਂ ਰੈਂਕਿੰਗ ਵਾਲੀ ਬਡੋਸਾ ਖ਼ਿਲਾਫ਼ ਸ਼ੁਰੂਆਤੀ ਸੈੱਟ ਗੁਆਉਣ ਮਗਰੋਂ ਦੂਜੇ ਸੈੱਟ ਵਿੱਚ 1-3 ਨਾਲ ਪਿੱਛੇ ਸੀ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਮੈਚ ਜਿੱਤ ਲਿਆ।