ਫ੍ਰੈਂਚ ਓਪਨ ਤੋਂ ਪਹਿਲੇ ਦੌਰ ਦੇ ਮੁਕਾਬਲੇ ਤੋਂ ਪਹਿਲਾਂ ਗੌਫ ਦੀ ਕਾਰ ਹਾਦਸੇ ਦੀ ਸ਼ਿਕਾਰ
Wednesday, May 27, 2026 - 05:46 PM (IST)
ਸਪੋਰਟਸ ਡੈਸਕ- ਅਮਰੀਕਾ ਦੀ ਸਟਾਰ ਟੈਨਿਸ ਖਿਡਾਰਨ ਕੋਕੋ ਗੌਫ ਮੰਗਲਵਾਰ ਨੂੰ ਰੋਲਾਂ ਗੈਰੋ (ਫ੍ਰੈਂਚ ਓਪਨ) ਜਾਣ ਸਮੇਂ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਗੌਫ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਉਨ੍ਹਾਂ ਨੇ ਨਾ ਸਿਰਫ਼ ਮੈਚ ਵਿੱਚ ਹਿੱਸਾ ਲਿਆ, ਸਗੋਂ ਸ਼ਾਨਦਾਰ ਜਿੱਤ ਦਰਜ ਕਰਕੇ ਦੂਜੇ ਦੌਰ ਵਿੱਚ ਜਗ੍ਹਾ ਬਣਾਈ।
ਖੰਭੇ ਨਾਲ ਟਕਰਾਈ ਕਾਰ
ਘਟਨਾ ਉਸ ਸਮੇਂ ਵਾਪਰੀ ਜਦੋਂ ਕੋਕੋ ਗੌਫ ਸਟੇਡੀਅਮ ਜਾ ਰਹੇ ਸਨ। ਉਨ੍ਹਾਂ ਦੀ ਕਾਰ ਇੱਕ ਖੰਭੇ (pole) ਨਾਲ ਟਕਰਾ ਕੇ ਨੁਕਸਾਨੀ ਗਈ। ਮੈਚ ਤੋਂ ਬਾਅਦ ਇਸ ਬਾਰੇ ਜਾਣਕਾਰੀ ਦਿੰਦਿਆਂ ਗੌਫ ਨੇ ਦੱਸਿਆ, "ਸਟੇਡੀਅਮ ਆਉਂਦੇ ਸਮੇਂ ਸਾਡੀ ਕਾਰ ਦਾ ਇੱਕ ਛੋਟਾ ਜਿਹਾ ਐਕਸੀਡੈਂਟ ਹੋ ਗਿਆ ਸੀ। ਟੱਕਰ ਕਾਰਨ ਮੇਰਾ ਜੂਸ ਪੂਰੀ ਕਾਰ ਵਿੱਚ ਫੈਲ ਗਿਆ। ਕਾਰ ਚਲਾਉਣ ਦੇ ਯੋਗ ਨਹੀਂ ਰਹੀ ਸੀ, ਇਸ ਲਈ ਅਸੀਂ ਸਟੇਡੀਅਮ ਪਹੁੰਚਣ ਲਈ ਟੈਕਸੀ ਲਈ।"
ਮੈਦਾਨ 'ਤੇ ਦਿਖਾਇਆ ਦਮ
ਇਸ ਹਾਦਸੇ ਦੇ ਮਾਨਸਿਕ ਦਬਾਅ ਦੇ ਬਾਵਜੂਦ ਗੌਫ ਨੇ ਕੋਰਟ 'ਤੇ ਬਿਹਤਰੀਨ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਆਪਣੇ ਹਮਵਤਨ ਖਿਡਾਰਨ ਟੇਲਰ ਟਾਊਨਸੈਂਡ ਨੂੰ ਸਿੱਧੇ ਸੈੱਟਾਂ ਵਿੱਚ 6-4, 6-0 ਨਾਲ ਕਰਾਰੀ ਮਾਤ ਦਿੱਤੀ। "ਇਹ ਇੱਕ ਚੰਗਾ ਸ਼ਗਨ ਹੈ" ਗੌਫ ਨੇ ਇਸ ਪੂਰੀ ਘਟਨਾ ਨੂੰ ਸਕਾਰਾਤਮਕ ਨਜ਼ਰੀਏ ਨਾਲ ਦੇਖਦਿਆਂ ਕਿਹਾ ਕਿ ਉਹ ਇਸ ਨੂੰ ਇੱਕ ਚੰਗਾ ਸ਼ਗਨ ਮੰਨਦੀ ਹੈ ਕਿ ਇਹ ਸਭ ਕੁਝ ਉਨ੍ਹਾਂ ਦੇ ਪਹਿਲੇ ਦੌਰ ਦੇ ਮੁਕਾਬਲੇ ਦੌਰਾਨ ਹੀ ਹੋ ਗਿਆ ਹੈ।
