ਜੋਕੋਵਿਚ ਮੈਰਾਥਨ ਮੁਕਾਬਲਾ ਜਿੱਤ ਕੇ ਵਿੰਬਲਡਨ ਦੇ ਸੈਮੀਫਾਈਨਲ ’ਚ ਪੁੱਜਾ

Thursday, Jul 09, 2026 - 10:02 AM (IST)

ਜੋਕੋਵਿਚ ਮੈਰਾਥਨ ਮੁਕਾਬਲਾ ਜਿੱਤ ਕੇ ਵਿੰਬਲਡਨ ਦੇ ਸੈਮੀਫਾਈਨਲ ’ਚ ਪੁੱਜਾ

ਸਪੋਰਟਸ ਡੈਸਕ- ਨੋਵਾਕ ਜੋਕੋਵਿਚ ਦੀ ਉਮਰ 39 ਵਰ੍ਹੇ ਹੈ ਪਰ ਉਸ ਦੇ ਜੋਸ਼, ਜਨੂੰਨ ਅਤੇ ਫਿਟਨੈੱਸ ’ਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਈ ਹੈ। ਇਸ ਦਾ ਸ਼ਾਨਦਾਰ ਨਜ਼ਾਰਾ ਵਿੰਬਲਡਨ ਦੇ ਸੈਂਟਰ ਕੋਰਟ ’ਚ ਦੇਖਣ ਨੂੰ ਮਿਲਿਆ, ਜਿੱਥੇ ਉਸ ਨੇ 5 ਘੰਟਿਆਂ ਤੋਂ ਵੀ ਜ਼ਿਆਦਾ ਸਮੇਂ ਤੱਕ ਚੱਲੇ ਮੈਰਾਥਨ ਮੁਕਾਬਲੇ ’ਚ ਫੇਲਿਕਸ ਔਗਰ-ਅਲੀਆਸਿਮੇ ਨੂੰ ਹਰਾ ਕੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ। 7 ਵਾਰ ਦੇ ਵਿੰਬਲਡਨ ਚੈਂਪੀਅਨ ਜੋਕੋਵਿਚ ਨੇ ਮੰਗਲਵਾਰ ਨੂੰ ਕੈਨੇਡਾ ਦੇ 25 ਸਾਲ ਦੇ ਔਗਰ-ਅਲੀਆਸਿਮੇ ’ਤੇ 7-6 (10), 3-6, 6-3, 6-7 (4), 7-6 (4) ਨਾਲ ਜਿੱਤ ਹਾਸਲ ਕਰ ਕੇ ਰਿਕਾਰਡ 15ਵੀਂ ਵਾਰ ਵਿੰਬਲਡਨ ਪੁਰਸ਼ ਸਿੰਗਲਜ਼ ਸੈਮੀਫਾਈਨਲ ’ਚ ਜਗ੍ਹਾ ਬਣਾਈ ਅਤੇ ਮੌਜੂਦਾ ਚੈਂਪੀਅਨ ਯਾਨਿਕ ਸਿਨਰ ਖਿਲਾਫ ਰੋਮਾਂਚਕ ਮੁਕਾਬਲੇ ਦੀ ਨੀਂਹ ਰੱਖੀ। ਇਹ ਮੈਚ 5 ਘੰਟੇ 16 ਮਿੰਟ ਤੱਕ ਚੱਲਿਆ। ਇਸ ਤਰ੍ਹਾਂ ਇਹ ਵਿੰਬਲਡਨ ਦੇ ਕੁਆਰਟਰ ਫਾਈਨਲ ’ਚ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲਾ ਮੈਚ ਬਣ ਗਿਆ।

ਜੋਕੋਵਿਚ ਨੇ ਕਿਹਾ, ‘‘ਇਹ ਉਹ ਪਲ ਹਨ, ਜਿਨ੍ਹਾਂ ਲਈ ਮੈਂ ਅੱਜ ਵੀ ਟੈਨਿਸ ਖੇਡਦਾ ਹਾਂ। ਮੈਂ ਹੁਣ ਵੀ ਉਨ੍ਹਾਂ ਨੌਜਵਾਨ ਖਿਡਾਰੀਆਂ ਨਾਲ ਮੁਕਾਬਲਾ ਕਰਨ ’ਚ ਸਮਰੱਥ ਹਾਂ, ਜਿਹੜੇ ਮੇਰੇ ਤੋਂ 15 ਸਾਲ ਛੋਟੇ ਹਨ। ਮੈਂ ਉਨ੍ਹਾਂ ਨੂੰ ਬੇਹੱਦ ਕਰੀਬੀ ਮੁਕਾਬਲੇ ’ਚ ਹਰਾ ਸਕਦਾ ਹਾਂ।’’ ਜੋਕੋਵਿਚ ਆਪਣੇ 25ਵੇਂ ਗ੍ਰੈਂਡ ਸਲੈਮ ਖਿਤਾਬ ਦੀ ਭਾਲ ’ਚ ਲਗਾਤਾਰ ਰਿਕਾਰਡ ਤੋੜ ਰਿਹਾ ਹੈ। ਉਸ ਨੇ ਵਿੰਬਲਡਨ ਦੇ ਸੈਮੀਫਾਈਨਲ ’ਚ ਲਗਾਤਾਰ 8ਵੀਂ ਵਾਰ ਪਹੁੰਚ ਕੇ ਇਕ ਨਵਾਂ ਰਿਕਾਰਡ ਬਣਾਇਆ ਹੈ। ਉਹ ਘਾਹ ਦੇ ਕੋਰਟ ’ਤੇ ਖੇਡੇ ਜਾਣ ਵਾਲੇ ਇਸ ਟੂਰਨਾਮੈਂਟ ’ਚ ਲਗਾਤਾਰ ਸਭ ਤੋਂ ਵੱਧ ਪੁਰਸ਼ ਸਿੰਗਲਜ਼ ਸੈਮੀਫਾਈਨਲ ’ਚ ਪਹੁੰਚਣ ਦੇ ਮਾਮਲੇ ’ਚ ਰੋਜਰ ਫੈੱਡਰਰ ਤੋਂ ਇਕ ਕਦਮ ਅੱਗੇ ਨਿਕਲ ਗਿਆ ਹੈ। ਜੋਕੋਵਿਚ ਨੂੰ ਬਾਅਦ ’ਚ ਅਰਜਨਟੀਨਾ ਦੇ ਲਿਓਨਲ ਮੈਸੀ ਨਾਲ ਆਪਣੀ ਤੁਲਨਾ ਕਰਨ ਲਈ ਕਿਹਾ ਗਿਆ, ਜਿਹੜਾ 39 ਵਰ੍ਹੇ ਦਾ ਹੈ ਅਤੇ ਅਜੇ ਵੀ ਉੱਚ ਪੱਧਰ ’ਤੇ ਪ੍ਰਦਰਸ਼ਨ ਕਰ ਰਿਹਾ ਹੈ।


author

Tarsem Singh

Content Editor

Related News