ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ-2019 : ਜਵੇਰੇਵ ਤੇ ਫੋਗਨਿਨੀ ਤੀਜੇ ਦੌਰ ''ਚ

Friday, May 31, 2019 - 09:46 PM (IST)

ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ-2019 : ਜਵੇਰੇਵ ਤੇ ਫੋਗਨਿਨੀ ਤੀਜੇ ਦੌਰ ''ਚ

ਪੈਰਿਸ— ਪੰਜਵੀਂ ਸੀਡ ਅਤੇ 2018 ਦੇ ਕੁਆਰਟਰ ਫਾਈਨਲਿਸਟ ਜਰਮਨੀ ਦੇ ਅਲੈਗਜੈਂਦ੍ਰ ਜਵੇਰੇਵ ਨੇ ਇਥੇ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ-2019 ਵਿਚ ਸਵੀਡਿਸ਼ ਕੁਆਲੀਫਾਇਰ ਮਾਈਕਲ ਯੇਮੇਰ ਨੂੰ ਲਗਾਤਾਰ ਸੈੱਟਾਂ ਵਿਚ 6-1, 6-3, 7-6 (7/3) ਨਾਲ ਹਰਾ ਕੇ ਪੁਰਸ਼ ਸਿੰਗਲਜ਼ ਦੇ ਤੀਜੇ ਦੌਰ 'ਚ ਪ੍ਰਵੇਸ਼ ਕਰ ਲਿਆ ਹੈ, ਜਦਕਿ ਨੌਵੀਂ ਸੀਡ ਇਟਲੀ ਦੇ ਫਾਬਿਓ ਫੋਗਨਿਨੀ ਨੇ ਵੀ ਤੀਜੇ ਦੌਰ ਦੀ ਟਿਕਟ ਕਟਾ ਲਈ। 
ਜਵੇਰੇਵ ਨੇ 1 ਘੰਟਾ 59 ਮਿੰਟ ਤਕ ਚੱਲੇ ਮੁਕਾਬਲੇ 'ਚ ਯੇਮੇਰ ਨੂੰ ਹਰਾਇਆ। ਇਕ ਹੋਰ ਮੁਕਾਬਲੇ 'ਚ ਫੋਗਨਿਨੀ ਨੇ ਅਰਜਨਟੀਨਾ ਦੇ ਫੇਡਰਿਕੋ ਡੇਲਬੋਨਿਸ ਨੂੰ 6-4, 3-6, 6-3, 6-3 ਨਾਲ ਹਰਾ ਕੇ 2 ਘੰਟੇ 24 ਮਿੰਟ ਵਿਚ ਤੀਜੇ ਦੌਰ 'ਚ ਜਗ੍ਹਾ ਬਣਾਈ। 
8ਵੀਂ ਸੀਡ ਅਰਜਨਟੀਨਾ ਦੇ ਮਾਰਟਿਨ ਡੇਲ ਪੋਤ੍ਰੋ ਅਤੇ ਦੋ ਵਾਰ ਦੇ ਸੈਮੀਫਾਈਨਲਿਸਟ ਨੂੰ ਜਾਪਾਨ ਦੇ ਯੇਸ਼ੀਹਿਤੋ ਨਿਸ਼ੀਓਕਾ ਵਿਰੁੱਧ ਗੋਡੇ 'ਚ ਦਰਦ ਦਾ ਕਈ ਵਾਰ ਇਲਾਜ ਕਰਾਉਣਾ ਪਿਆ ਪਰ 3 ਘੰਟੇ 46 ਮਿੰਟ ਦੇ ਰੋਮਾਂਚ ਤੋਂ ਬਾਅਦ ਉਸ ਨੇ 5-7, 6-4, 6-2, 6-7 (5/7), 6-2 ਨਾਲ ਜਿੱਤ ਆਪਣੇ ਨਾਂ ਕਰ ਲਈ।
ਮਹਿਲਾ ਸਿੰਗਲਜ਼ ਡਰਾਅ 'ਚ ਅਮਾਂਡਾ ਅਨਿਸਿਮੋਵਾ ਸਾਲ 1999 ਵਿਚ ਸੇਰੇਨਾ ਵਿਲੀਅਮਸ ਤੋਂ ਬਾਅਦ ਪਹਿਲੀ ਸਭ ਤੋਂ ਨੌਜਵਾਨ ਅਮਰੀਕੀ ਬਣੀ, ਜਿਸ ਨੇ ਫ੍ਰੈਂਚ ਓਪਨ ਦੇ ਤੀਜੇ ਦੌਰ ਵਿਚ ਜਗ੍ਹਾ ਬਣਾਈ। 17 ਸਾਲ ਦੀ ਅਮਰੀਕੀ ਖਿਡਾਰਨ ਨੇ ਬੇਲਾਰੂਸ ਦੀ 11ਵੀਂ ਸੀਡ ਆਰਯਨਾ ਸਬਾਲੇਂਕੋ ਨੂੰ ਲਗਾਤਾਰ ਸੈੱਟਾਂ 'ਚ 6-4, 6-2 ਨਾਲ ਹਰਾਇਆ। ਪੋਲੈਂਡ ਦੀ 17 ਸਾਲਾ ਇਗਾ ਸਿਵਯਾਤੇਕ ਨੇ 16ਵੀਂ ਸੀਡ ਵਾਂਗ ਕਿਯਾਂਗ ਨੂੰ ਹਰਾ ਕੇ ਆਖਰੀ-32 'ਚ ਪ੍ਰਵੇਸ਼ ਕਰ ਲਿਆ। 
ਸ਼ਰਣ-ਡੇਮੋਲਾਈਨਰ ਦੀ ਜੋੜੀ ਬਾਹਰ
ਭਾਰਤ ਦੇ ਦਿਵਿਜ ਸ਼ਰਣ ਤੇ ਬ੍ਰਾਜ਼ੀਲ ਦੇ ਉਸ ਦੇ ਸਾਥੀ ਮਾਰਸਲੋ ਡੇਮੋਲਾਈਨਰ ਦੀ ਜੋੜੀ ਸ਼ੁੱਕਰਵਾਰ ਇਥੇ ਦੂਜੇ ਦੌਰ ਵਿਚ ਸਿੱਧੇ ਸੈੱਟਾਂ 'ਚ ਹਾਰ ਕੇ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ 'ਚੋਂ ਬਾਹਰ ਹੋ ਗਈ। ਦਿਵਿਜ ਤੇ ਡੇਮੋਲਾਈਨਰ ਦੀ ਗੈਰ-ਦਰਜਾ ਪ੍ਰਾਪਤ ਜੋੜੀ ਨੂੰ ਹੈਰੀ ਕੋਂਟੀਨੇਨ ਅਤੇ ਜਾਨ ਪੀਅਰਸ ਦੀ ਅੱਠਵਾਂ ਦਰਜਾ ਪ੍ਰਾਪਤ ਜੋੜੀ ਹੱਥੋਂ 3-6, 4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।


author

Gurdeep Singh

Content Editor

Related News