ਸਾਬਕਾ ਟੇਬਲ ਟੈਨਿਸ ਖਿਡਾਰੀ ਸੁਹਾਸ ਕੁਲਕਰਣੀ ਦਾ ਕੋਵਿਡ-19 ਮਹਾਮਾਰੀ ਕਾਰਨ ਦਿਹਾਂਤ
Sunday, Apr 04, 2021 - 06:26 PM (IST)
ਸਪੋਰਟਸ ਡੈਸਕ— ਕੋਰੋਨਾ ਵਾਇਰਸ ਦੀ ਮਾਰ ਪਿਛਲੇ ਇਕ ਸਾਲ ਤੋਂ ਵੀ ਵੱਧ ਸਮੇਂ ਤੋਂ ਪੂਰੀ ਦੁਨੀਆ ਝੱਲ ਰਹੀ ਹੈ। ਭਾਰਤ ਸਮੇਤ ਕਈ ਦੇਸ਼ਾਂ ਨੇ ਇਸ ਖ਼ਿਲਾਫ਼ ਵੈਕਸੀਨ ਵੀ ਬਣਾ ਲਈ ਹੈ। ਦੇਸ਼ ’ਚ ਇਹ ਵੈਕਸੀਨ ਕਾਫ਼ੀ ਵੱਡੇ ਪੱਧਰ ’ਤੇ ਲੋਕਾਂ ਨੂੰ ਲਾਈ ਜਾ ਰਹੀ ਹੈ। ਅਜੇ ਆਬਾਦੀ ਦੇ ਹਿਸਾਬ ਇਸ ਵੈਕਸੀਨ ਨੂੰ ਪੂਰੀ ਤਰ੍ਹਾਂ ਲਾਉਣ ’ਚ ਕੁਝ ਸਮਾਂ ਹੋਰ ਲਗ ਸਕਦਾ ਹੈ। ਪਰ ਵੈਕਸੀਨ ਲਾਉਣ ’ਤੇ ਰੋਗ ਖ਼ਿਲਾਫ਼ ਪ੍ਰਤੀਰੱਖਿਆ (ਐਮਿਊਨਿਟੀ) ਵਿਕਸਤ ਹੋਣ ਨੂੰ ਕੁਝ ਸਮਾਂ ਲਗਦਾ ਹੈ। ਇਸ ਕਾਰਨ ਲੋਕ ਕੋਰੋਨਾ ਮਹਾਮਾਰੀ ਦਾ ਸ਼ਿਕਾਰ ਹੋ ਰਹੇ ਹਨ।
ਇਹ ਵੀ ਪੜ੍ਹੋ : IPL ’ਚ ਸਭ ਤੋਂ ਜ਼ਿਆਦਾ ਛੱਕੇ ਲਾਉਣ ਵਾਲੇ ਖਿਡਾਰੀ : ਚੋਟੀ ਦੇ 5 ’ਚ ਤਾਂ ਤਿੰਨ ਕਪਤਾਨ ਹੀ ਸ਼ਾਮਲ
ਇਸੇ ਮਹਾਮਾਰੀ ਦੀ ਮਾਰ ਕਾਰਨ ਹੁਣ ਭਾਰਤੀ ਟੇਬਲ ਟੈਨਿਸ ਦੇ ਸਾਬਕਾ ਕੌਮਾਂਤਰੀ ਖਿਡਾਰੀ ਸੁਹਾਸ ਕੁਲਕਰਣੀ ਦਾ ਐਤਵਾਰ ਨੂੰ ਠਾਣੇ ’ਚ ਦਿਹਾਂਤ ਹੋ ਗਿਆ। ਉਹ 68 ਸਾਲਾਂ ਦੇ ਸਨ ਤੇ ਉਨ੍ਹਾਂ ਦੇ ਪਰਿਵਾਰ ’ਚ ਮਾਂ, ਪਤਨੀ ਤੇ ਧੀ ਹੈ। ਇੱਥੇ ਜਾਰੀ ਮੀਡੀਆ ਬਿਆਨ ਦੇ ਮੁਤਾਬਕ ਕੁਲਕਰਣੀ ਕੋਵਿਡ-19 ਦੀ ਲਪੇਟ ’ਚ ਸਨ। ਉਨ੍ਹਾਂ ਨੂੰ ਇਲਾਜ ਲਈ ਕੌਸ਼ਲਿਆ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਸੀ।
ਇਹ ਵੀ ਪੜ੍ਹੋ : IPL ਤੋਂ ਪਹਿਲਾਂ RCB ਨੂੰ ਵੱਡਾ ਝਟਕਾ, ਇਹ ਧਮਾਕੇਦਾਰ ਓਪਨਰ ਹੋਇਆ ਕੋਰੋਨਾ ਪਾਜ਼ੇਟਿਵ
ਖਿਡਾਰੀ ਦੇ ਤੌਰ ’ਤੇ ਸੰਨਿਆਸ ਲੈਣ ਤੋਂ ਬਾਅਦ ਕੁਲਕਰਣੀ ਸਰਗਰਮ ਤੌਰ ’ਤੇ ਕੋਚਿੰਗ ਕਰ ਰਹੇ ਸਨ ਤੇ ਨਿਯਮਿਤ ਤੌਰੇ ’ਤੇ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਟੇਬਲ ਟੈਨਿਸ ਦੇ ਮਾਸਟਰਸ ਟੂਰਨਾਮੈਂਟ (ਜ਼ਿਆਦਾ ਉਮਰ ਦੇ ਖਿਡਾਰੀਆਂ ਦੀ ਪ੍ਰਤੀਯੋਗਿਤਾ) ’ਚ ਵੀ ਖੇਡਦੇ ਸਨ। ਉਨ੍ਹਾਂ ਨੇ 2019 ’ਚ ਰਾਸ਼ਟਰੀ ਮਾਸਟਰਸ ਟੇਬਲ ਟੈਨਿਸ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।