ਪਾਕਿਸਤਾਨ ਦੇ ਸਾਬਕਾ ਕਪਤਾਨ ਰਮੀਜ਼ ਰਾਜਾ ਪੀ. ਸੀ. ਬੀ. ਦੇ ਪ੍ਰਧਾਨ ਬਣੇ
Monday, Sep 13, 2021 - 06:58 PM (IST)
ਲਾਹੌਰ- ਪਾਕਿਸਤਾਨ ਦੇ ਸਾਬਕਾ ਕਪਤਾਨ ਰਮੀਜ਼ ਰਾਜਾ ਨੂੰ ਸੋਮਵਾਰ ਨੂੰ ਸਰਬਸੰਮਤੀ ਨਾਲ ਪਾਕਿਸਤਾਨ ਕ੍ਰਿਕਟ ਬੋਰਡ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਜੋ ਅਹਿਸਾਨ ਮਨੀ ਦੀ ਜਗ੍ਹਾ ਅਗਲੇ ਤਿੰਨ ਸਾਲ ਤਕ ਇਹ ਅਹੁਦਾ ਸੰਭਾਲਣਗੇ। ਇਹ ਰਮੀਜ਼ ਦਾ ਪੀ. ਸੀ. ਬੀ. ਦਾ ਦੂਜਾ ਕਾਰਜਕਾਲ ਹੋਵੇਗਾ। ਉਹ 2003 ਤੋਂ 2004 ਤਕ ਬੋਰਡ ਦੇ ਮੁੱਖ ਕਾਰਜਕਾਰੀ ਰਹਿ ਚੁੱਕੇ ਹਨ।
ਬੋਰਡ ਦੀ ਖ਼ਾਸ ਬੈਠਕ ਦੀ ਪ੍ਰਧਾਨਗੀ ਪੀ. ਸੀ. ਬੀ. ਦੇ ਚੋਣ ਕਮਿਸ਼ਨਰ ਜਸਟਿਸ (ਰਿਟਾਇਰਡ) ਸ਼ੇਖ਼ ਅਹਿਮਦ ਸਈਅਦ ਨੇ ਕੀਤੀ। ਰਮੀਜ਼ ਦੀ ਨਾਮਜ਼ਦਗੀ ਪ੍ਰਧਾਨਮੰਤਰੀ ਤੇ ਬੋਰਡ ਦੇ ਮੁੱਖ ਸਰਪ੍ਰਸਤ ਇਮਰਾਨ ਖ਼ਾਨ ਨੇ ਕੀਤੀ ਸੀ। ਪਾਕਿਸਤਾਨ ਲਈ 1984 ਤੋਂ 1997 ਵਿਚਾਲੇ 205 ਤੋਂ ਵੱਧ ਮੈਚ ਖੇਡ ਕੇ 8674 ਦੌੜਾਂ ਬਣਾ ਚੁੱਕੇ ਰਮੀਜ਼ ਸੀਨੀਅਰ ਖੇਡ ਪ੍ਰਸ਼ਾਸਕ ਮਨੀ ਦੀ ਜਗ੍ਹਾ ਲੈਣਗੇ ਜਿਨ੍ਹਾਂ ਦਾ ਕਾਰਜਕਾਲ ਪਿਛਲੇ ਮਹੀਨੇ ਖ਼ਤਮ ਹੋ ਚੁੱਕਾ ਹੈ।
ਰਾਜਾ ਨੇ ਗਵਰਨਰ ਬੋਰਡ ਨੂੰ ਕਿਹਾ, "ਮੈਂ ਪੀ. ਸੀ. ਬੀ. ਪ੍ਰਧਾਨ ਅਹੁਦੇ ਲਈ ਮੇਰੀ ਚੋਣ ਕਰਨ ਲਈ ਤੁਹਾਡੇ ਸਾਰਿਆਂ ਦਾ ਧੰਨਵਾਦੀ ਹਾਂ। ਆਉਣ ਵਾਲੇ ਸਮੇਂ 'ਤੇ ਮੈਦਾਨ ਦੇ ਅੰਦਰ ਤੇ ਬਾਹਰ ਮਜ਼ਬੂਤੀ ਨਾਲ ਵਿਕਾਸ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਾਂਗਾ। ਮੇਰਾ ਮਕਸਦ ਪਾਕਿਸਤਾਨ ਪੁਰਸ਼ ਕ੍ਰਿਕਟ ਟੀਮ ਨੂੰ ਉਹੀ ਮਾਨਸਿਕਤਾ, ਜਜ਼ਬਾ ਤੇ ਸੱਭਿਆਚਾਰ ਦੇਣਾ ਹੈ ਜਿਸ ਦੇ ਦਮ 'ਤੇ ਪਾਕਿਸਤਾਨੀ ਟੀਮ ਦੁਨੀਆ ਦੀ ਸਭ ਤੋਂ ਖ਼ਤਰਨਾਕ ਟੀਮਾਂ 'ਚੋਂ ਇਕ ਹੋਇਆ ਕਰਦੀ ਸੀ।"