ਸਾਬਕਾ ਭਾਰਤੀ ਕ੍ਰਿਕਟਰ ਅਤੇ ਦਿੱਲੀ ਦੇ ਸੰਸਦ ਮੈਂਬਰ ਗੰਭੀਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

12/21/2019 2:15:38 PM

ਨਵੀਂ ਦਿੱਲੀ : ਸਾਬਕਾ ਭਾਰਤੀ ਕ੍ਰਿਕਟਰ ਅਤੇ ਦਿੱਲੀ 'ਚ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਗੌਤਮ ਗੰਭੀਰ ਨੂੰ ਜਾਨੋ ਮਾਰਨ ਦੀ ਧਮਕੀ ਮਿਲੀ ਹੈ। ਜਿਸ ਤੋਂ ਬਾਅਦ ਉਸ ਨੇ ਦਿੱਲੀ ਪੁਲਸ ਨੂੰ ਚਿੱਠੀ ਲਿਖ ਕੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਦਰਅਸਲ, ਭਾਜਪਾ ਸਾਂਸਦ ਗੌਤਮ ਗੰਭੀਰ ਨੇ ਡੀ. ਸੀ. ਪੀ. ਸ਼ਾਹਦਰਾ ਜ਼ਿਲੇ ਨੂੰ ਲਿਖੀ ਚਿੱਠੀ ਵਿਚ ਕਿਹਾ, ''ਇਕ ਇੰਟਰਨੈਸ਼ਨਲ ਨੰਬਰ ਤੋਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲ ਰਹੀ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਇਸ ਮਾਮਲੇ ਦੀ ਐੱਫ. ਆਈ. ਆਰ. ਦਰਜ ਕੀਤੀ ਜਾਵੇ ਅਤੇ ਮੇਰੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਾਈ ਜਾਵੇ।'' ਗੌਤਮ ਗੰਭੀਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਪਣੇ ਟਵੀਟਜ਼ ਨੂੰ ਲੈ ਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ, ਚਾਹੇ ਉਹ ਪਾਕਿਸਤਾਨ ਖਿਲਾਫ ਹੋਣ ਜਾ ਪਾਕਿਸਤਾਨੀ ਖਿਡਾਰੀਆਂ ਖਿਲਾਫ ਹੋਣ। ਉਹ ਆਪਣੇ ਬੜਬੋਲੇ ਅੰਦਾਜ਼ ਕਾਰਨ ਮੀਡੀਆ ਵਿਚ ਬਣੇ ਰਹਿੰਦੇ ਹਨ।

ਜ਼ਿਕਰਯੋਗ ਹੈ ਕਿ 38 ਸਾਲਾ ਗੰਭੀਰ ਨੇ ਭਾਰਤੀ ਟੀਮ 'ਚ 2004 ਵਿਚ ਡੈਬਿਊ ਕੀਤਾ ਸੀ ਅਤੇ ਉਸ ਨੇ ਆਪਣਾ ਆਖਰੀ ਕੌਮਾਂਤਰੀ ਮੁਕਾਬਲਾ 2013 ਵਿਚ ਵਨ ਡੇ ਫਾਰਮੈੱਟ ਵਿਚ ਖੇਡਿਆ ਸੀ। ਗੰਭੀਰ ਨੇ ਭਾਰਤੀ ਟੀਮ ਵਿਚ ਖੇਡਦਿਆਂ ਹੁਣ ਤਕ 58 ਟੈਸਟ ਮੁਕਾਬਲਿਆਂ ਵਿਚ 4154, ਵਨ ਡੇ ਵਿਚ 147 ਮੈਚਾਂ ਵਿਚ 5238 ਅਤੇ 37 ਟੀ-20 ਕੌਮਾਂਤਰੀ ਮੁਕਾਬਲਿਆਂ ਵਿਚ 932 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਉਹ ਆਈ. ਪੀ. ਐੱਲ. ਵਿਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਦਿੱਲੀ ਕੈਪੀਟਲਜ਼ ਲਈ ਕਪਤਾਨ ਦੇ ਤੌਰ 'ਤੇ ਖੇਡ ਚੁੱਕੇ ਹਨ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ