KL Rahul ਦੇ ਹੱਕ ''ਚ ਆਏ ਆਸਟਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ, ਕਹੀ ਵੱਡੀ ਗੱਲ

03/02/2023 9:35:35 PM

ਸਪੋਰਟਸ ਡੈਸਕ : ਭਾਰਤੀ ਸਲਾਮੀ ਬੱਲੇਬਾਜ਼ ਕੇ.ਐੱਲ ਰਾਹੁਲ ਦਾ ਬਾਰਡਰ ਗਾਵਸਕਰ ਟਰਾਫੀ ਦੇ ਪਹਿਲੇ ਦੋ ਟੈਸਟ ਮੈਚਾਂ 'ਚ ਪ੍ਰਦਰਸ਼ਨ ਕਾਫੀ ਖਰਾਬ ਰਿਹਾ। ਉਹ ਦੋ ਟੈਸਟਾਂ ਦੀਆਂ ਤਿੰਨ ਪਾਰੀਆਂ ਵਿੱਚ ਕੁੱਲ ਮਿਲਾ ਕੇ ਸਿਰਫ਼ 38 ਦੌੜਾਂ ਹੀ ਬਣਾ ਸਕਿਆ। ਸਲਾਮੀ ਬੱਲੇਬਾਜ਼ ਦੇ ਇਸ ਨਿਰਾਸ਼ਾਜਨਕ ਪ੍ਰਦਰਸ਼ਨ ਨੂੰ ਦੇਖਦੇ ਹੋਏ ਭਾਰਤੀ ਟੀਮ ਪ੍ਰਬੰਧਨ ਨੇ ਉਸ ਨੂੰ ਤੀਜੇ ਟੈਸਟ ਤੋਂ ਬਾਹਰ ਰੱਖਣ ਦਾ ਫੈਸਲਾ ਕੀਤਾ ਅਤੇ ਉਸ ਦੀ ਜਗ੍ਹਾ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਸ਼ਾਮਲ ਕੀਤਾ, ਜੋ ਪਿਛਲੇ ਕੁਝ ਸਮੇਂ ਤੋਂ ਸ਼ਾਨਦਾਰ ਫਾਰਮ 'ਚ ਚੱਲ ਰਿਹਾ ਹੈ। ਹਾਲਾਂਕਿ ਪ੍ਰਸ਼ੰਸਕ ਕੇ.ਐੱਲ ਰਾਹੁਲ ਦੇ ਖਰਾਬ ਪ੍ਰਦਰਸ਼ਨ ਕਾਰਨ ਟੀਮ ਤੋਂ ਬਾਹਰ ਕੀਤੇ ਜਾਣ ਦੇ ਫੈਸਲੇ ਦਾ ਸਮਰਥਨ ਕਰ ਰਹੇ ਹਨ ਪਰ ਆਸਟਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਦਾ ਮੰਨਣਾ ਹੈ ਕਿ ਭਾਰਤੀ ਟੀਮ ਨੂੰ ਰਾਹੁਲ 'ਤੇ ਜ਼ਿਆਦਾ ਭਰੋਸਾ ਦਿਖਾਉਣਾ ਚਾਹੀਦਾ ਸੀ।
 
ਕਲਾਰਕ ਨੇ ਕਿਹਾ ਕਿ ਉਹ ਸੱਚਮੁੱਚ ਕੇ.ਐੱਲ. ਰਾਹੁਲ ਨੂੰ ਪਸੰਦ ਕਰਦੇ ਹਨ। ਉਹ ਬਹੁਤ ਹੀ ਪ੍ਰਤਿਭਾਸ਼ਾਲੀ ਖਿਡਾਰੀ ਹੈ। ਉਨ੍ਹਾਂ ਕਿਹਾ ਭਾਰਤ ਇਸ ਸਮੇਂ ਜਿੱਤ ਰਿਹਾ ਹੈ, ਇਸ ਲਈ ਜੇਕਰ ਮੈਂ ਕਪਤਾਨ ਹੁੰਦਾ ਤਾਂ ਮੈਂ ਟੀਮ ਵਿੱਚ ਉਸਦਾ ਸਮਰਥਨ ਕਰਦਾ। 
ਕਲਾਰਕ ਨੇ ਕਿਹਾ ਕਿ ਰਾਹੁਲ ਇਕ ਚੰਗਾ ਖਿਡਾਰੀ ਹੈ, ਉਹ ਬਹੁਤ ਸਖ਼ਤ ਮਿਹਨਤ ਕਰਦਾ ਹੈ ਅਤੇ ਟੀਮ ਲਈ ਚੰਗਾ ਪ੍ਰਦਰਸ਼ਨ ਕਰਨ ਵਾਲਾ ਖਿਡਾਰੀ ਹੈ। ਉਨ੍ਹਾਂ ਕਿਹਾ ਜੇਕਰ ਟੀਮ ਜਿੱਤਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਉਹ ਅਜਿਹੇ ਖਿਡਾਰੀਆਂ ਨੂੰ ਰੱਖ ਸਕਦੇ ਹਨ ਜੋ ਖੇਡ ਸਕਦੇ ਹਨ। 

PunjabKesari

ਕਲਾਰਕ ਦਾ ਮੰਨਣਾ ਹੈ ਕਿ ਕੇ.ਐੱਲ ਰਾਹੁਲ ਨੂੰ ਆਪਣੀ ਖਰਾਬ ਫਾਰਮ ਤੋਂ ਬਾਹਰ ਆਉਣ ਲਈ ਥੋੜੀ ਕਿਸਮਤ ਦੀ ਲੋੜ ਹੈ। ਉਸ ਨੇ ਕਿਹਾ ਕਿ ਜੇਕਰ ਭਾਰਤ ਨੂੰ ਲੱਗਦਾ ਹੈ ਕਿ ਕੇ.ਐੱਲ ਰਾਹੁਲ ਟੀਮ ਦੇ ਸਰਵੋਤਮ ਖਿਡਾਰੀਆਂ 'ਚੋਂ ਇਕ ਹੈ ਤਾਂ ਟੀਮ ਨੂੰ ਉਸ 'ਤੇ ਭਰੋਸਾ ਕਰਨਾ ਹੋਵੇਗਾ। ਬੇਸ਼ੱਕ ਰਾਹੁਲ ਲਈ ਇਹ ਸਿਰਫ਼ ਮਾਨਸਿਕ ਦਬਾਅ ਹੈ, ਤੁਹਾਨੂੰ ਸਿਰਫ਼ ਥੋੜੀ ਕਿਸਮਤ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਰਾਹੁਲ ਇੱਕ ਸੁਪਰਸਟਾਰ ਖਿਡਾਰੀ ਹੈ।


Mandeep Singh

Content Editor

Related News