ਕੋਰੋਨਾ ਕਾਰਨ ਲਾਕਡਾਊਨ ਦੇ ਬਾਅਦ ਭਾਰਤ ’ਚ ਸ਼ੁਰੂ ਹੋਵੇਗਾ ਪਹਿਲਾ ਵੱਡਾ ਟੂਰਨਾਮੈਂਟ
Thursday, Nov 19, 2020 - 05:11 PM (IST)
ਬੇਮਬੋਲਿਮ— ਖ਼ਾਲੀ ਸਟੇਡੀਅਮਾਂ ’ਚ ਸਖ਼ਤ ਸਿਹਤ ਸੁਰੱਖਿਆ ਕਦਮਾਂ ਵਿਚਾਲੇ ਸ਼ੁੱਕਰਵਾਰ ਤੋਂ ਇੱਥੇ ਇੰਡੀਅਨ ਸੁਪਰ ਲੀਗ (ਆਈ. ਐਸ. ਐਲ.) ਫੁੱਟਬਾਲ ਟੂਰਨਾਮੈਂਟ ਦੀ ਸ਼ੁਰੂਆਤ ਹੋਵੇਗੀ ਜੋ 8 ਮਹੀਨੇ ਪਹਿਲਾਂ ਕੋਵਿਡ-19 ਲਾਕਡਾਊਨ ਲਾਗੂ ਹੋਣ ਦੇ ਬਾਅਦ ਦੇਸ਼ ’ਚ ਆਯੋਜਿਤ ਹੋਣ ਵਾਲਾ ਪਹਿਲਾ ਵੱਡਾ ਟੂਰਨਾਮੈਂਟ ਹੈ। ਇੱਥੇ ਹੀ ਜੀ. ਐੱਮ. ਸੀ. ਸਟੇਡੀਅਮ ’ਚ ਟੂਰਨਾਮੈਂਟ ਦਾ ਆਗਾਜ਼ ਸਾਬਕਾ ਚੈਂਪੀਅਨ ਏ. ਟੀ. ਕੇ. ਮੋਹਨ ਬਾਗਾਨ ਅਤੇ ਕੇਰਲ ਬਲਾਸਟਰਸ ਵਿਚਾਲੇ ਹੋਣ ਵਾਲੇ ਮੈਚ ਨਾਲ ਹੋਵੇਗਾ ਤੇ ਇਸ ਮੁਕਾਬਲੇ ਦੇ ਕਾਫੀ ਰੋਮਾਂਚਕ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਰੋਹਿਤ ਨੇ NCA ’ਚ ਫਿੱਟਨੈਸ ਟ੍ਰੇਨਿੰਗ ਕੀਤੀ ਸ਼ੁਰੂ, IPL ਦੌਰਾਨ ਹੋਏ ਸਨ ਸੱਟ ਦਾ ਸ਼ਿਕਾਰ
ਸੈਸ਼ਨ ਦਾ ਸਭ ਤੋਂ ਵੱਡਾ ਮੈਚ 27 ਨਵੰਬਰ ਨੂੰ ਏ. ਟੀ. ਕੇ. ਮੋਹਨ ਬਾਗਾਨ ਅਤੇ ਐਸ. ਸੀ. ਈਸਟ ਬੰਗਾਲ ਦੇ ਵਿਚਾਲੇ ਫਟੋਰਡਾ ’ਚ ਖੇਡਿਆ ਜਾਵੇਗਾ ਜਿਸ ’ਚ ਦੋ ਰਿਵਾਇਤੀ ਮੁਕਾਬਲੇਬਾਜ਼ ਟੀਮਾਂ ਆਪਣੇ 100 ਸਾਲ ਤੋਂ ਵੱਧ ਪੁਰਾਣੀ ਮੁਕਾਬਲੇਬਾਜ਼ੀ ਨੂੰ ਇਕ ਨਵੇਂ ਅਵਤਾਰ ’ਚ ਸ਼ੁਰੂ ਕਰੇਗੀ। ਪਿਛਲੇ ਸਾਲ ਦੇ ਆਈ. ਐੱਸ. ਐਲ. ਜੇਤੂ ਏ. ਟੀ. ਕੇ ਅਤੇ ਆਈਲੀਗ ਟੀਮ ਮੋਹਨ ਬਾਗਾਨ ਦੇ ਰਲੇਵੇਂ ਦੇ ਬਾਅਦ ਬਣਿਆ ਕਲੱਬ ਏ .ਟੀ. ਕੇ. ਮੋਹਨ ਬਾਗਾਨ ਇਸ ਫ੍ਰੈਂਚਾਈਜ਼ੀ ਅਧਾਰਤ ਟੂਰਨਾਮੈਂਟ ਦੀ ਸ਼ੁਰੂਆਤ ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਦੇ ਰੂਪ ’ਚ ਕਰੇਗਾ।
ਟੀਮ ਨੇ ਭਾਰਤ ਦੇ ਸਟਾਰ ਡਿਫੈਂਡਰ ਸੰਦੇਸ਼ ਝਿੰਗਨ ਤੇ ਕੁਝ ਚੰਗੇ ਪੱਧਰੀ ਖਿਡਾਰੀਆਂ ਨਾਲ ਕਰਾਰ ਕੀਤਾ ਹੈ ਜਦਕਿ ਪਿਛਲੇ ਸਾਲ ਦੀ ਚੈਂਪੀਅਨ ਟੀਮ ਏ. ਟੀ. ਕੇ. ਦੇ ਅਹਿਮ ਖਿਡਾਰੀਆਂ ਨੂੰ ਆਪਣੇ ਨਾਲ ਬਰਕਰਾਰ ਰਖਿਆ ਹੈ ਜਿਸ ’ਚ ਫ਼ਿਜ਼ੀ ਦੇ ਰਾਏ ਕ੍ਰਿਸ਼ਨਾ ਵੀ ਸ਼ਾਮਲ ਹਨ। ਰਾਏ 21 ਮੈਚਾਂ ’ਚ 15 ਗੋਲ ਦੇ ਨਾਲ ਪਿਛਲੇ ਸੈਸ਼ਨ ਦੇ ਸਾਂਝੇ ਤੌਰ ’ਤੇ ਚੋਟੀ ਦੇ ਗੋਲ ਸਕੋਰਰ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ 6 ਗੋਲ ਕਰਨ ’ਚ ਟੀਮ ਦੇ ਸਾਹਮਣੇ ਸਾਥੀਆਂ ਦੀ ਮਦਦ ਵੀ ਕੀਤੀ ਸੀ। ਰਾਏ ਨੇ ਫ਼ਾਈਨਲ ’ਚ ਕਪਤਾਨ ਦੀ ਭੂਮਿਕਾ ਨਿਭਾਈ ਸੀ ਅਤੇ ਏ. ਟੀ. ਕੇ. ਦੀ ਟੀਮ ਤੀਜਾ ਆਈ. ਐੱਸ. ਐੱਲ. ਖ਼ਿਤਾਬ ਜਿੱਤਣ ’ਚ ਸਫਲ ਰਹੀ ਸੀ।