ਦਿੱਲੀ ਦੇ ਪ੍ਰਦੂਸ਼ਣ ਤੋਂ ਪ੍ਰੇਸ਼ਾਨ ਹਨ ਫੁੱਟਬਾਲ ਕਪਤਾਨ ਛੇਤਰੀ, ਕਹੀ ਇਹ ਗੱਲ
Wednesday, Oct 30, 2019 - 04:57 PM (IST)

ਸਪੋਰਟਸ ਡੈਸਕ— ਰਾਜਧਾਨੀ ਦਿੱਲੀ 'ਚ ਦਿਵਾਲੀ ਤੋਂ ਬਾਅਦ ਹਰ ਸਾਲ ਵੱਧਣ ਵਾਲਾ ਪ੍ਰਦੂਸ਼ਣ ਖਿਡਾਰੀਆਂ ਲਈ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਅਤੇ ਭਾਰਤੀ ਫੁੱਟਬਾਲ ਕਪਤਾਨ ਸੁਨੀਲ ਛੇਤਰੀ ਵੀ ਇਸ ਤੋਂ ਅਣਜਾਣ ਨਹੀਂ ਹੈ। ਛੇਤਰੀ ਨੇ ਬੁੱਧਵਾਰ ਨੂੰ ਇੱਥੇ ਕਿਹਾ ਕਿ ਰਾਜਧਾਨੀ ਦਾ ਪ੍ਰਦੂਸ਼ਣ ਖੇਡ ਅਤੇ ਖਿਡਾਰੀਆਂ ਲਈ ਡੂੰਘੀ ਚਿੰਤਾ ਦੀ ਗੱਲ ਹੈ। ਉਨ੍ਹਾਂ ਨੇ ਕਿਹਾ, 'ਮੈਂ ਦਿੱਲੀ ਦਾ ਹੀ ਹਾਂ ਪਰ ਮੈਨੂੰ ਵੀ ਪ੍ਰਦੂਸ਼ਣ ਨੂੰ ਲੈ ਕੇ ਚਿੰਤਾ ਹੁੰਦੀ ਹੈ। ਉਂਝ ਵੀ ਮੇਰਾ ਦਿੱਲੀ ਆਣਾ ਜਾਣਾ ਕਾਫ਼ੀ ਘੱਟ ਹੋ ਗਿਆ ਹੈ। ਅਸੀਂ ਇੱਥੇ ਜਦੋਂ ਵੀ ਮੈਚ ਲਈ ਆਉਂਦੇ ਹਾਂ ਤਾਂ ਇਕ ਦਿਨ ਪਹਿਲਾਂ ਹੀ ਆਉਂਦੇ ਹਾਂ ਤਾਂ ਜੋ ਇੱਥੇ ਜ਼ਿਆਦਾ ਦਿਨ ਨਾ ਰਹਿਣਾ ਪਏ।
ਛੇਤਰੀ ਨੇ ਫਿੱਟਨੈਸ ਦੀ ਜਰੂਰਤ 'ਤੇ ਦਿੱਤਾ ਜ਼ੋਰ
ਭਾਰਤੀ ਫੁੱਟਬਾਲ ਕਪਤਾਨ ਨੇ ਹਰਬਾਲਾਈਫ ਨਿਊਟ੍ਰਿਸ਼ਨ ਦੇ ਫਿੱਟ ਫੈਮਿਲੀਜ਼ ਫੈਸਟ ਦੇ ਤੀਜੇ ਸੀਜ਼ਨ ਨੂੰ ਲਾਂਚ ਕਰਦੇ ਹੋਏ ਆਮ ਆਦਮੀ ਦੀ ਜਿੰਦਗੀ 'ਚ ਫਿੱਟਨੈਸ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਇਸ ਵਾਰ ਫੈਸਟ ਤਿੰਨ ਨਵੰਬਰ ਨੂੰ ਭੁਵਨੇਸ਼ਵਰ 'ਚ, 10 ਨਵੰਬਰ ਨੂੰ ਲੁਧਿਆਣਾ 'ਚ, 17 ਨਵੰਬਰ ਨੂੰ ਅਹਿਮਦਾਬਾਦ 'ਚ ਅਤੇ 24 ਨਵੰਬਰ ਨੂੰ ਹੈਦਰਾਬਾਦ 'ਚ ਮਨਾਇਆ ਜਾਵੇਗਾ। ਪ੍ਰਦੂਸ਼ਣ ਬਾਰੇ ਪੁੱਛੇ ਗਏ ਸਵਾਲ 'ਤੇ ਕਿਹਾ, 'ਵਿਦੇਸ਼ੀ ਖਿਡਾਰੀ ਜਦੋਂ ਇੱਥੇ ਆਉਂਦੇ ਹਨ ਤਾਂ ਮਾਸਕ ਪਾਉਂਦੇ ਹਨ। ਪਤਾ ਨਹੀਂ ਇਹ ਪਹਿਲਾਂ ਤੋਂ ਹੀ ਨਿਰਧਾਰਤ ਧਾਰਨਾ ਦੀ ਵਜ੍ਹਾ ਕਰਕੇ ਹੈ ਜਾਂ ਫਿਰ ਪ੍ਰਦੂਸ਼ਣ ਦੇ ਕਾਰਨ। ਪਰ ਪ੍ਰਦੂਸ਼ਣ ਨਿਸ਼ਚਿਤ ਹੀ ਇਕ ਚਿੰਤਾ ਦਾ ਵਿਸ਼ਾ ਹੈ। ਪਹਿਲਾਂ ਜਦੋਂ ਆਈ. ਐੱਸ. ਐੱਲ. ਟੀਮਾਂ ਇੱਥੇ ਆਉਂਦੀਆਂ ਸਨ ਤਾਂ ਉਨ੍ਹਾਂ ਦੇ ਖਿਡਾਰੀ ਵੀ ਮਾਸਕ ਪਾਉਂਦੇ ਸਨ। ਮੈਂ ਵੀ ਜਦੋਂ ਇੱਥੇ ਆਉਂਦਾ ਹਾਂ ਤਾਂ ਅੱਖਾਂ 'ਚ ਜਲਨ ਮਹਿਸੂਸ ਹੁੰਦੀ ਹੈ।
ਦਿੱਲੀ 'ਚ ਹੁਣ ਅੰਤਰਰਾਸ਼ਟਰੀ ਮੈਚ ਹੋਣ ਲੱਗੇ ਹਨ ਘੱਟ
ਛੇਤਰੀ ਨੇ ਇਸ ਗੱਲ 'ਤੇ ਵੀ ਚਿੰਤਾ ਜਤਾਈ ਕਿ ਦਿੱਲੀ 'ਚ ਹੁਣ ਅੰਤਰਰਾਸ਼ਟਰੀ ਮੈਚ ਘੱਟ ਹੋਣ ਲੱਗੇ ਹਨ। ਆਈ. ਐੱਸ. ਐੱਲ. 'ਚ ਦਿੱਲੀ ਦੀ ਟੀਮ ਓਡਿਸ਼ਾ ਚੱਲੀ ਗਈ ਹੈ। ਦਿੱਲੀ ਦੇਸ਼ ਦੀ ਰਾਜਧਾਨੀ ਹੈ ਪਰ ਇਹ ਫੁੱਟਬਾਲ ਦੀ ਹੱਬ ਨਹੀਂ ਹੈ ਜਦ ਕਿ ਬਾਕੀ ਦੇਸ਼ਾਂ 'ਚ ਉਨ੍ਹਾਂ ਦੀ ਰਾਜਧਾਨੀ ਫੁੱਟਬਾਲ ਦੀ ਹੱਬ ਹੁੰਦੀ ਹੈ। ਇਹ ਨਿਸ਼ਚਿਤ ਰੂਪ ਨਾਲ ਚਿੰਤਾ ਦਾ ਵਿਸ਼ਾ ਹੈ। ਰਾਜਧਾਨੀ 'ਚ ਅਗਲੀ 3 ਨਵੰਬਰ ਨੂੰ ਬੰਗਲਾਦੇਸ਼ ਨਾਲ ਭਾਰਤ ਦਾ ਪਹਿਲਾ ਟੀ-20 ਮੈਚ ਹੋਣਾ ਹੈ ਅਤੇ ਪ੍ਰਦੂਸ਼ਣ ਨੂੰ ਲੈ ਕੇ ਇਸ ਮੈਚ 'ਤੇ ਚਿੰਤਾ ਜਤਾਈ ਜਾ ਰਹੀ ਹੈ ਪਰ ਬੀ. ਸੀ. ਸੀ. ਆਈ. ਦਾ ਕਹਿਣਾ ਹੈ ਕਿ ਮੈਚ ਆਪਣੇ ਨਿਰਧਾਰਤ ਪ੍ਰੋਗਰਾਮ ਦੇ ਮੁਤਾਬਕ ਹੀ ਹੋਵੇਗਾ।
ਸ਼੍ਰੀਲੰਕਾਂ ਹੋ ਚੁੱਕੀ ਹੈ ਇਸ ਪ੍ਰਦੂਸ਼ਨ ਦਾ ਸ਼ਿਕਾਰ
ਧਿਆਨ ਯੋਗ ਹੈ ਕਿ ਪਿਛਲੇ ਸਾਲ ਇਸ ਸਮੇਂ ਸ਼੍ਰੀਲੰਕਾ ਖਿਲਾਫ ਦਿੱਲੀ 'ਚ ਹੋਏ ਮੈਚ 'ਚ ਹਵਾ ਦੀ ਹਾਲਤ ਇੰਨੀ ਪ੍ਰਦੂਸ਼ਿਤ ਹੋ ਗਈ ਸੀ ਕਿ ਮਹਿਮਾਨ ਟੀਮ ਦੇ ਕਈ ਖਿਡਾਰੀ ਮਾਸਕ ਲਗਾ ਕੇ ਮੈਦਾਨ 'ਤੇ ਆਏ ਸਨ । ਇਸ ਸਾਲ ਦਿਵਾਲੀ ਦੇ ਅਗਲੇ ਦਿਨ ਦਿੱਲੀ 'ਚ ਪ੍ਰਦੂਸ਼ਣ ਕਾਫ਼ੀ ਵੱਧ ਗਿਆ ਜਿਸ ਦੀ ਪੁੱਸ਼ਟੀ ਹਵਾ ਪ੍ਰਦੂਸ਼ਣ ਅਤੇ ਮੌਸਮ ਅਨੁਮਾਨ ਅਤੇ ਜਾਂਚ ਨਾਲ ਜੁੜੀ ਸੰਸਥਾ 'ਸਫਰ' ਨੇ ਵੀ ਕੀਤੀ ਹੈ।