ਵੈਸਟਇੰਡੀਜ਼ ਤੇ ਬੰਗਲਾਦੇਸ਼ ਦਰਮਿਆਨ ਪਹਿਲਾ ਟੀ20 ਮੈਚ ਮੀਂਹ ਕਾਰਨ ਰੱਦ
Sunday, Jul 03, 2022 - 12:03 PM (IST)

ਸਪੋਰਟਸ ਡੈਸਕ- ਮੀਂਹ ਕਾਰਨ ਵੈਸਟਇੰਡੀਜ਼ ਤੇ ਬੰਗਲਾਦੇਸ਼ ਦਰਮਿਆਨ ਪਹਿਲਾ ਟਵੰਟੀ-20 ਕੌਮਾਂਤਰੀ ਮੈਚ ਰੱਦ ਹੋ ਗਿਆ। ਗਿੱਲੀ ਆਊਟਫੀਲਡ ਕਾਰਨ ਮੈਚ ਸ਼ੁਰੂ ਹੋਣ 'ਚ 100 ਮਿੰਟ ਦੀ ਦੇਰੀ ਹੋਈ ਜਿਸ ਤੋਂ ਬਾਅਦ ਮੈਚ 16-16 ਓਵਰਾਂ ਦਾ ਕਰ ਦਿੱਤਾ ਗਿਆ। ਅੱਠਵੇਂ ਓਵਰ 'ਚ ਮੈਚ ਫਿਰ ਰੁੱਕਿਆ ਜਿਸ ਨਾਲ ਮੈਚ 14-14 ਓਵਰ ਦਾ ਹੋ ਗਿਆ।
ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਦੀ ਟੀਮ ਨੇ ਸਿਰਫ 13 ਓਵਰ ਹੀ ਖੇਡੇ ਸਨ ਕਿ ਮੀਂਹ ਨੇ ਫਿਰ ਖੇਡ ਨੂੰ ਰੋਕ ਦਿੱਤਾ। ਇਸ ਤੋਂ ਬਾਅਦ ਮੈਚ ਅਧਿਕਾਰੀਆਂ ਨੇ ਮੈਚ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ। ਬੰਗਲਾਦੇਸ਼ ਨੇ 8 ਵਿਕਟਾਂ 'ਤੇ 105 ਦੌੜਾਂ ਬਣਾ ਲਈਆਂ ਸਨ ਜਿਸ 'ਚ ਸ਼ਾਕਿਬ ਅਲ ਹਸਨ 29 ਦੌੜਾਂ ਬਣਾ ਕੇ ਚੋਟੀ 'ਤੇ ਰਹੇ।
ਵੈਸਟਇੰਡੀਜ਼ ਦੇ ਹਰੇਕ ਗੇਂਦਬਾਜ਼ ਨੇ ਵਿਕਟ ਝਟਕੇ ਜਿਸ 'ਚ ਰੋਮਾਰੀਓ ਸ਼ੇਪਰਡ ਨੇ 21 ਦੌੜਾਂ ਦੇ ਕੇ ਤਿੰਨ ਵਿਕਟ ਪ੍ਰਾਪਤ ਕੀਤੇ। ਵਿੰਡਸਰ ਪਾਰਕ 'ਤੇ ਮੁੜ ਉਸਾਰੀ ਦੇ ਬਾਅਦ ਇਹ ਪਹਿਲਾ ਕੌਮਾਂਤਰੀ ਮੈਚ ਸੀ। 2017 'ਚ ਚੱਕਰਵਾਤ ਦੇ ਬਾਅਦ ਸਟੇਡੀਅਮ ਦੁਬਾਰਾ ਬਣਾਇਆ ਗਿਆ ਹੈ। ਐਤਵਾਰ ਨੂੰ ਦੂਜਾ ਮੈਚ ਇੱਥੇ ਹੀ ਖੇਡਿਆ ਜਾਵੇਗਾ। ਤੀਜਾ ਤੇ ਆਖ਼ਰੀ ਟੀ20 ਮੈਚ ਵੀਰਵਾਰ ਨੂੰ ਗੁਯਾਨਾ 'ਚ ਖੇਡਿਆ ਜਾਵੇਗਾ।