ਲਾਈਨ ਜੱਜ ਦਾ ਸਮਰਥਨ ਕਰਨ ਪ੍ਰਸ਼ੰਸਕ : ਜੋਕੋਵਿਚ
Tuesday, Sep 08, 2020 - 11:32 PM (IST)
ਨਿਊਯਾਰਕ– ਮਹਿਲਾ ਲਾਈਨ ਜੱਜ ਦੇ ਬਾਲ ਮਾਰਨ ਦੇ ਕਾਰਣ ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ. ਐੱਸ. ਓਪਨ ਵਿਚੋਂ ਬਾਹਰ ਕੀਤੇ ਗਏ ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਸੋਸ਼ਲ ਮੀਡੀਆ 'ਤੇ ਲਾਈਨ ਜੱਜ ਦੀ ਆਲੋਚਨਾ ਹੋਣ ਤੋਂ ਬਾਅਦ ਆਪਣੇ ਪ੍ਰਸ਼ੰਸਕਾਂ ਨੂੰ ਜੱਜ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ।
ਜੋਕੋਵਿਚ ਨੇ ਯੂ. ਐੱਸ. ਓਪਨ ਦੇ ਪ੍ਰੀ-ਕੁਆਰਟਰ ਫਾਈਨਲ ਮੈਚ ਦੌਰਾਨ ਅਣਜਾਣੇ ਵਿਚ ਗੇਂਦ ਨੂੰ ਪਿੱਛੇ ਮਾਰਿਆ ਸੀ, ਜਿਹੜੀ ਪਿੱਛੇ ਖੜੀ ਮਹਿਲਾ ਲਾਈਨ ਜੱਜ ਲੋਰਾ ਕਲਾਕਰ ਦੇ ਗਲੇ 'ਤੇ ਲੱਗ ਗਈ ਸੀ। ਇਸ ਤੋਂ ਬਾਅਦ ਜੋਕੋਵਿਚ ਨੂੰ ਟੂਰਨਾਮੈਂਟ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ਜੋਕੋਵਿਚ ਨੇ ਹਾਲਾਂਕਿ ਇਸ ਰਵੱਈਏ ਲਈ ਮੁਆਫੀ ਮੰਗੀ ਸੀ ਪਰ ਉਸ ਦੇ ਟੂਰਨਾਮੈਂਟ ਤੋਂ ਬਾਹਰ ਹੋਣ 'ਤੇ ਪ੍ਰਸ਼ੰਸਕਾਂ ਨੇ ਲਾਈਨ ਜੱਜ ਨੂੰ ਨਿਸ਼ਾਨੇ 'ਤੇ ਲਿਆ ਸੀ। ਜੋਕੋਵਿਚ ਨੇ ਇੰਸਟਾਗ੍ਰਾਮ 'ਤੇ ਪਾਈ ਪੋਸਟ ਵਿਚ ਲਿਖਿਆ, ''ਪਿਆਰੇ ਪ੍ਰਸ਼ੰਸਕੋ, ਤੁਹਾਡੇ ਲੋਕਾਂ ਦੇ ਹਾਂ-ਪੱਖੀ ਸੰਦੇਸ਼ਾਂ ਲਈ ਧੰਨਵਾਦ ਪਰ ਇਹ ਯਾਦ ਰੱਖੋ ਕਿ ਜਿਸ ਲਾਈਨ ਜੱਜ ਨੂੰ ਬਾਲ ਲੱਗੀ ਸੀ, ਉਸ ਨੂੰ ਵੀ ਸਾਡੇ ਸਮਰਥਨ ਦੀ ਲੋੜ ਹੈ। ਉਸ ਨੇ ਕੁਝ ਗਲਤ ਨਹੀਂ ਕੀਤਾ ਹੈ। ਮੈਂ ਤੁਹਾਨੂੰ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਇਸ ਸਮੇਂ ਉਸਦਾ ਸਮਰਥਨ ਕਰੋ। ਇਸ ਨਾਲ ਅਸੀਂ ਲੋਕ ਹੋਰ ਮਜ਼ਬੂਤ ਹੋਵਾਂਗੇ ਤੇ ਅੱਗੇ ਵਧਾਂਗੇ। ਮੈਂ ਯੂਰਪ ਆ ਰਿਹਾ ਹਾਂ।''
ਜ਼ਿਕਰਯੋਗ ਹੈ ਕਿ ਜੋਕੋਵਿਚ ਦਾ ਯੂ. ਐੱਸ. ਓਪਨ ਵਿਚ ਭਾਵੇਂ ਹੀ ਸਨਸਨੀਖੇਜ਼ ਤਰੀਕੇ ਨਾਲ ਸਫਰ ਖਤਮ ਹੋਇਆ ਹੈ ਪਰ ਹੁਣ ਉਹ ਪਿਛਲੀਆਂ ਗੱਲਾਂ ਨੂੰ ਪਿੱਛ ਛੱਡ ਕੇ ਇਸ ਮਹੀਨੇ ਦੇ ਅੰਤ ਵਿਚ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਹੋਣ ਵਾਲੇ ਫ੍ਰੈਂਚ ਓਪਨ ਦੀ ਤਿਆਰੀ ਵਿਚ ਰੁੱਝ ਗਿਆ ਹੈ।