ਬਿਹਾਰ ਪੁਲਸ ਨੇ ਸਚਿਨ ਦੇ ਮਸ਼ਹੂਰ ਪ੍ਰਸ਼ੰਸਕ ਸੁਧੀਰ ਕੁਮਾਰ ਨਾਲ ਕੀਤੀ ਕੁੱਟਮਾਰ, ਜਾਣੋ ਪੂਰਾ ਮਾਮਲਾ

Saturday, Jan 22, 2022 - 01:57 PM (IST)

ਪਟਨਾ- ਸਚਿਨ ਤੇਂਦੁਲਕਰ ਦੇ ਮਸ਼ਹੂਰ ਪ੍ਰਸ਼ੰਸਕ ਸੁਧੀਰ ਕੁਮਾਰ ਨਾਲ ਵੀਰਵਾਰ ਰਾਤ ਬਿਹਾਰ ਦੇ ਮੁਜ਼ੱਫ਼ਰਪੁਰ 'ਚ ਪੁਲਸ ਸਟੇਸ਼ਨ ਦੇ ਇਕ ਡਿਊਟੀ ਅਧਿਕਾਰੀ ਨੇ ਕੁੱਟਮਾਰ ਕੀਤੀ। ਸੁਧੀਰ ਕੁਮਾਰ ਦੇ ਭਰਾ ਕਿਸ਼ਨ ਕੁਮਾਰ ਨੂੰ ਪੁਲਸ ਨੇ ਹਿਰਾਸਤ 'ਚ ਲਿਆ ਸੀ ਜਿਸ ਵਜ੍ਹਾ ਕਰਕੇ ਉਹ ਪੁਲਸ ਸਟੇਸ਼ਨ ਗਏ ਸਨ।

ਸੁਧੀਰ ਕੁਮਾਰ ਨੇ ਕਿਹਾ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਪੁਲਸ ਨੇ ਮੇਰੇ ਭਰਾ ਨੂੰ ਹਿਰਾਸਤ 'ਚ ਲਿਆ ਹੈ ਤਾਂ ਮੈਂ ਉੱਥੇ ਮਾਮਲੇ ਦੀ ਜਾਣਕਾਰੀ ਲੈਣ ਗਿਆ। ਜਦੋਂ ਮੈਂ ਲਾਕਅੱਪ 'ਚ ਬੰਦ ਆਪਣੇ ਭਰਾ ਨਾਲ ਗੱਲ ਕਰ ਰਿਹਾ ਸੀ ਉਦੋਂ ਇਕ ਡਿਊਟੀ ਅਧਿਕਾਰੀ ਆਇਆ ਤੇ ਉਸ ਨੇ ਮੈਨੂੰ ਗਾਲ ਕੱਢੀ। ਉਸ ਨੇ ਮੇਰੇ ਪੈਰ 'ਤੇ ਦੋ ਵਾਰ ਲੱਤ ਮਾਰੀ ਤੇ ਮੈਨੂੰ ਪੁਲਸ ਸਟੇਸ਼ਨ ਛੱਡਣ ਦਾ ਹੁਕਮ ਦਿੱਤਾ। ਉਸ ਨੇ ਮੇਰੇ ਭਰਾ ਤੇ ਮੇਰੇ ਖਿਲਾਫ ਵੀ ਅਪਸ਼ਬਦਾਂ ਦਾ ਇਸਤੇਮਾਲ ਕੀਤਾ। ਘਟਨਾ ਦੇ ਬਾਅਦ ਉਨ੍ਹਾਂ ਨੇ ਇਸ ਦੀ ਸੂਚਨਾ ਖੇਤਰ ਦੇ ਐੱਸ. ਡੀ. ਪੀ. ਓ. ਰਾਮ ਨਰੇਸ਼ ਪਾਸਵਾਨ ਨੂੰ ਦਿੱਤੀ ਜਿਨ੍ਹਾਂ ਨੇ ਮਾਮਲੇ ਦੀ ਉਚਿਤ ਜਾਂਚ ਦਾ ਭਰੋਸਾ ਦਿੱਤਾ ਹੈ। 

ਸੁਧੀਰ ਕੁਮਾਰ ਨੇ ਇਹ ਵੀ ਦੱਸਿਆ ਕਿ ਮੁਜ਼ੱਫਰਪੁਰ ਪੁਲਸ ਨੇ ਉਨ੍ਹਾਂ ਨੂੰ ਲਗਭਗ ਦੋ ਸਾਲ ਪਹਿਲਾਂ ਥਾਣੇ ਦੇ ਉਦਘਾਟਨ ਲਈ ਸੱਦਾ ਦਿੱਤਾ ਸੀ। ਸੁਧੀਰ ਕੁਮਾਰ ਨੇ ਕਿਹਾ ਕਿ ਉਸ ਸਮੇਂ ਉਨ੍ਹਾਂ ਨੇ ਮੇਰੇ ਨਾਲ ਇਕ ਸੈਲੀਬ੍ਰਿਟੀ ਵਾਂਗ ਵਿਵਹਾਰ ਕੀਤਾ। ਇਹ ਬਹੁਤ ਹੀ ਨਿਰਾਸ਼ਾਜਨਕ ਸੀ ਕਿ ਉਸੇ ਪੁਲਸ ਸਟੇਸ਼ਨ ਦੀ ਪੁਲਸ ਨੇ ਮੈਨੂੰ ਬੇਇੱਜ਼ਤ ਕੀਤਾ ਤੇ ਮੇਰੇ ਨਾਲ ਕੁੱਟਮਾਰ ਵੀ ਕੀਤੀ। ਇਹ ਆਮ ਆਦਮੀ ਪ੍ਰਤੀ ਪੁਲਸ ਸਟੇਸ਼ਨ ਦੇ ਨਜ਼ਰੀਏ ਨੂੰ ਦਰਸਾਉਂਦਾ ਹੈ। ਸੁਧੀਰ ਕੁਮਾਰ ਦੇ ਭਰਾ ਕ੍ਰਿਸ਼ਨ ਕੁਮਾਰ ਨੂੰ ਜ਼ਮੀਨ ਵੇਚਣ ਦੇ ਇਕ ਮਾਮਲੇ 'ਚ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਨੇ ਕਿਹਾ ਕਿ ਉਹ ਦੋ ਵਿਅਕਤੀਆਂ ਦਰਮਿਆਨ ਇਕ ਵਿਵਾਦਤ ਜ਼ਮੀਨ ਸੌਦੇ ਦਾ ਗਵਾਹ ਸੀ।


Tarsem Singh

Content Editor

Related News