ਆਸਟਰੇਲੀਆ ਵਿਰੁੱਧ ਪਹਿਲੇ ਟੀ20 ਮੈਚ ''ਚ ਇੰਗਲੈਂਡ ''ਤੇ ਲੱਗਿਆ ਜੁਰਮਾਨਾ
Sunday, Sep 06, 2020 - 07:43 PM (IST)
ਸਾਊਥੰਪਟਨ- ਇੰਗਲੈਂਡ ਦੇ ਖਿਡਾਰੀਆਂ 'ਤੇ ਆਸਟਰੇਲੀਆ ਵਿਰੁੱਧ ਸ਼ੁੱਕਰਵਾਰ ਨੂੰ ਖੇਡੇ ਗਏ ਪਹਿਲੇ ਟੀ-20 ਅੰਤਰਰਾਸ਼ਟਰੀ ਮੈਚ 'ਚ 'ਧੀਮੀ ਓਵਰ ਗਤੀ' ਦੇ ਲਈ ਮੈਚ ਫੀਸ ਦਾ 20 ਫੀਸਦੀ ਜੁਰਮਾਨਾ ਕੀਤਾ ਗਿਆ ਹੈ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਬਿਆਨ ਦੇ ਅਨੁਸਾਰ ਇਯੋਨ ਮੋਰਗਨ ਦੀ ਅਗਵਾਈ ਵਾਲੀ ਟੀਮ ਨੇ ਨਿਰਧਾਰਤ ਸਮੇਂ 'ਚ ਇਕ ਓਵਰ ਘੱਟ ਕੀਤਾ ਸੀ ਜਿਸ ਤੋਂ ਬਾਅਦ ਮੈਚ ਰੈਫਰੀ ਕ੍ਰਿਸ ਬ੍ਰਾਡ ਨੇ ਇਹ ਜੁਰਮਾਨਾ ਲਗਾਇਆ।
ਆਈ. ਸੀ. ਸੀ. ਦੀ ਖਿਡਾਰੀਆਂ ਤੇ ਸਹਿਯੋਗੀ ਸਟਾਫ ਦੇ ਲਈ ਚੋਣ ਜ਼ਾਬਤੇ ਦੇ ਅਨੁਸਾਰ ਨਿਰਧਾਰਤ ਸਮੇਂ 'ਚ ਇਕ ਓਵਰ ਘੱਟ ਕਰਨ 'ਤੇ ਟੀਮ ਦੇ ਖਿਡਾਰੀਆਂ 'ਤੇ ਮੈਚ ਫੀਸ ਦਾ 20 ਫੀਸਦੀ ਜੁਰਮਾਨਾ ਕੀਤਾ ਜਾਵੇਗਾ। ਮੋਰਗਨ ਨੇ ਇਸ ਨੂੰ ਸਵੀਕਾਰ ਕਰ ਲਿਆ ਹੈ ਅਤੇ ਇਸ ਮਾਮਲੇ 'ਚ ਰਸਮੀ ਸੁਣਵਾਈ ਦੀ ਜ਼ਰੂਰਤ ਨਹੀਂ ਪਈ।