ਆਸਟਰੇਲੀਆ ਨੂੰ 8 ਵਿਕਟਾਂ ਨਾਲ ਹਰਾ ਇੰਗਲੈਂਡ ਸੈਮੀਫਾਈਨਲ ''ਚ

Saturday, Oct 30, 2021 - 11:53 PM (IST)

ਦੁਬਈ – ਸਾਬਕਾ ਉਪ ਜੇਤੂ ਇੰਗਲੈਂਡ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਪੁਰਾਣੇ ਵਿਰੋਧੀ ਆਸਟਰੇਲੀਆ ਨੂੰ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਗਰੁੱਪ-1 ਦੇ ਮੁਕਾਬਲੇ ਵਿਚ ਸ਼ਨੀਵਾਰ ਨੂੰ 20 ਓਵਰਾਂ ਵਿਚ 125 ਦੌੜਾਂ ਨਾਲ ਹਰਾ ਦਿੱਤਾ ਤੇ ਫਿਰ 11.4 ਓਵਰਾਂ ਵਿਚ 2 ਵਿਕਟਾਂ ’ਤੇ 126 ਦੌੜਾਂ ਬਣਾ ਕੇ 8 ਵਿਕਟਾਂ ਨਾਲ ਇਕਪਾਸੜ ਜਿੱਤ ਹਾਸਲ ਕਰ ਲਈ। 

ਓਪਨਰ ਜੋਸ ਬਟਲਰ ਨੇ 32 ਗੇਂਦਾਂ ਵਿਚ 5 ਚੌਕੇ ਤੇ 5 ਛੱਕੇ ਲਾਉਂਦੇ ਹੋਏ ਅਜੇਤੂ 71 ਦੌੜਾਂ ਬਣਾਈਆਂ ਤੇ ਆਪਣੀ ਟੀਮ ਨੂੰ 12ਵੇਂ ਓਵਰ ਵਿਚ ਲਗਾਤਾਰ ਤੀਜੀ ਜਿੱਤ ਦਿਵਾ ਦਿੱਤੀ ਤੇ ਉਸਦਾ ਸੈਮੀਫਾਈਨਲ ਵਿਚ ਸਥਾਨ ਵੀ ਲਗਭਗ ਤੈਅ ਕਰ ਦਿੱਤਾ। ਆਸਟਰੇਲੀਆ ਨੂੰ 3 ਮੈਚਾਂ ਵਿਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਸ ਵੱਡੀ ਹਾਰ ਨਾਲ ਆਸਟਰੇਲੀਆ ਦੀ ਨੈੱਟ ਰਨ ਰੇਟ ਵੀ ਮਾਈਨਸ ਵਿਚ ਖਿਸਕ ਗਈ ਹੈ। ਆਸਟਰੇਲੀਆ ਹੁਣ ਅੰਕ ਸੂਚੀ ਵਿਚ ਦੱਖਣੀ ਅਫਰੀਕਾ ਤੋਂ ਬਾਅਦ ਤੀਜੇ ਨੰਬਰ ’ਤੇ ਪਹੁੰਚ ਗਈ ਹੈ।

ਇਸ ਤੋਂ ਪਹਿਲਾਂ ਆਸਟਰੇਲੀਆ ਨੇ ਸਾਂਝੇ ਤੌਰ ’ਤੇ ਆਪਣਾ ਦੂਜਾ ਸਭ ਤੋਂ ਘੱਟ ਸਕੋਰ ਬਣਾਇਆ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। ਆਸਟਰੇਲੀਆ ਦੀ ਪਾਰੀ ਸ਼ੁਰੂਆਤ ਤੋਂ ਹੀ ਲੜਖੜਾਉਂਦੀ ਰਹੀ ਤੇ ਉਸ ਨੇ 21 ਦੌੜਾਂ ਤਕ ਆਪਣੀਆਂ 4 ਵਿਕਟਾਂ ਗੁਆ ਦਿੱਤੀਆਂ। ਕਪਤਾਨ ਅਰੋਨ ਫਿੰਚ ਨੇ ਇਕਪਾਸੜ ਸੰਘਰਸ਼ ਕਰਦੇ ਹੋਏ 49 ਗੇਂਦਾਂ ਵਿਚ 4 ਚੌਕਿਆਂ ਦੀ ਮਦਦ ਨਾਲ 44 ਦੌੜਾਂ ਬਣਾਈਆਂ ਤੇ 19ਵੇਂ ਓਵਰ ਦੀ ਪਹਿਲੀ ਗੇਂਦ ’ਤੇ ਕ੍ਰਿਸ ਜੌਰਡਨ ਦਾ ਸ਼ਿਕਾਰ ਬਣਿਆ। ਫਿੰਚ ਨੇ ਵਿਕਟਕੀਪਰ ਮੈਥਿਊ ਵੇਡ ਨਾਲ 5ਵੀਂ ਵਿਕਟ ਲਈ 30 ਦੌੜਾਂ ਜੋੜੀਆਂ। ਉਸ ਨੇ ਫਿਰ ਐਸ਼ਟਨ ਐਗਰ ਨਾਲ 6ਵੀਂ ਵਿਕਟ ਲਈ 45 ਦੌੜਾਂ ਜੋੜੀਆਂ। ਪੈਟ ਕਮਿੰਸ ਨੇ ਸਿਰਫ 3 ਗੇਂਦਾਂ ’ਤੇ ਲਗਾਤਾਰ ਦੋ ਛੱਕੇ ਲਾਉਂਦੇ ਹੋਏ 12 ਦੌੜਾਂ ਬਣਾਈਆਂ। ਮਿਸ਼ੇਲ ਸਟਾਰਕ ਨੇ 6 ਗੇਂਦਾਂ ’ਤੇ ਇਕ ਚੌਕੇ ਤੇ ਇਕ ਛੱਕੇ ਦੀ ਮਦਦ ਨਾਲ 13 ਦੌੜਾਂ ਬਣਾਈਆਂ ਤੇ ਪਾਰੀ ਦੀ ਆਖਰੀ ਗੇਂਦ ’ਤੇ ਆਊਟ ਹੋਇਆ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News