ਅਫ਼ਗਾਨਿਸਤਾਨ ਤੋਂ ਮਹਿਲਾ ਫੁੱਟਬਾਲ ਟੀਮ ਨੂੰ ਕੱਢਣ ਦੀ ਕੋਸ਼ਿਸ਼ ਜਾਰੀ

Thursday, Sep 02, 2021 - 01:29 PM (IST)

ਅਫ਼ਗਾਨਿਸਤਾਨ ਤੋਂ ਮਹਿਲਾ ਫੁੱਟਬਾਲ ਟੀਮ ਨੂੰ ਕੱਢਣ ਦੀ ਕੋਸ਼ਿਸ਼ ਜਾਰੀ

ਕਾਬੁਲ (ਭਾਸ਼ਾ) : ਅਫ਼ਗਾਨਿਸਤਾਨ ਵਿਚ ਮਹਿਲਾ ਫੁੱਟਬਾਲ ਟੀਮ ਦੇ ਮੈਂਬਰਾਂ ਨੂੰ ਤਾਲਿਬਾਨ ਤੋਂ ਆਪਣੀ ਜਾਨ ਬਚਾਉਣ ਲਈ ਵਾਰ-ਵਾਰ ਆਪਣਾ ਸਥਾਨ ਬਦਲਣਾ ਪੈ ਰਿਹਾ ਹੈ। ਹਾਲਾਂਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਉਥੋਂ ਕੱਢਣ ਲਈ ਅੰਤਰਰਾਸ਼ਟਰੀ ਪੱਧਰ ’ਤੇ ਕੋਸ਼ਿਸ਼ ਜਾਰੀ ਹੈ। ਅਫ਼ਗਾਨ ਰਾਸ਼ਟਰੀ ਫੁੱਟਬਾਲ ਟੀਮ ਦੀਆਂ ਇਨ੍ਹਾਂ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਫੁੱਟਬਾਲ ਫੈਡਰੇਸ਼ਨ ਦੇ ਕਰਮਚਾਰੀਆਂ ਨੂੰ ਅਫ਼ਗਾਨਿਸਤਾਨ ਤੋਂ ਬਾਹਰ ਕੱਢਣ ਦੀਆਂ ਅੰਤਰਰਾਸ਼ਟਰੀ ਕੋਸ਼ਿਸ਼ਾਂ ਨੂੰ ਪਿਛਲੇ ਹਫ਼ਤੇ ਉਦੋਂ ਡੂੰਘਾ ਝਟਕਾ ਲੱਗਾ ਸੀ, ਜਦੋਂ ਕਾਬੁਲ ਹਵਾਈ ਅੱਡੇ ’ਤੇ ਇਕ ਆਤਮਘਾਤੀ ਹਮਲਾ ਹੋਇਆ, ਜਿਸ ਵਿਚ 13 ਅਮਰੀਕੀ ਫ਼ੌਜੀਆਂ ਅਤੇ 169 ਅਫ਼ਗਾਨ ਨਾਗਰਿਕ ਮਾਰੇ ਗਏ ਸਨ। ਹੁਣ ਇਨ੍ਹਾਂ ਲੋਕਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਕੀ ਉਹ ਲੋਕ ਅਫ਼ਗਾਨਿਸਤਾਨ ’ਚੋਂ ਸੁਰੱਖਿਅਤ ਬਾਹਰ ਨਿਕਲ ਪਾਉਣਗੇ? 

ਅਮਰੀਕੀ ਕਾਂਗਰਸ ਦੇ ਸਾਬਕਾ ‘ਚੀਫ ਆਫ ਸਟਾਫ਼’ ਅਤੇ ਤੱਤਕਾਲੀਨ ਰਾਸ਼ਟਰਪਤੀ ਜੋਰਜ ਡਬਲਯੂ ਬੁਸ਼ ਦੇ ਕਾਰਜਕਾਲ ਦੌਰਾਨ ਵ੍ਹਾਈਟ ਹਾਊਸ ਦੇ ਅਧਿਕਾਰੀ ਦੇ ਅਹੁਦੇ ’ਤੇ ਸੇਵਾਵਾਂ ਦੇ ਚੁੱਕੇ ਰੌਬਰਟ ਮੈਕਕ੍ਰੇਰੀ ਨੇ ਕਿਹਾ ਕਿ ਇਨ੍ਹਾਂ ਮਹਿਲਾ ਫੁੱਟਬਾਲਰਾਂ ਨੂੰ ਖੇਡ ਦੇ ਮੈਦਾਨ ਵਿਚ ਹੋਣਾ ਚਾਹੀਦਾ ਸੀ, ਪਰ ਇਸ ਖੇਡ ਕਾਰਨ ਹੀ ਉਹ ਬੇਹੱਦ ਬੁਰੀ ਸਥਿਤੀ ਵਿਚ ਹਨ। ਉਨ੍ਹਾਂ ਕਿਹਾ, ‘ਸਾਨੂੰ ਉਨ੍ਹਾਂ ਨੂੰ ਬਚਾਉਣ, ਉਥੋਂ ਸੁਰੱਖਿਅਤ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।’ ਅਫ਼ਗਾਨ ਮਹਿਲਾ ਟੀਮ ਦਾ ਗਠਨ 2007 ਵਿਚ ਕੀਤਾ ਗਿਆ ਸੀ ਅਤੇ ਉਸ ਦੇ ਜ਼ਿਆਦਾਤਰ ਮੈਂਬਰ ਪਿਛਲੇ ਹਫ਼ਤੇ ਆਸਟ੍ਰੇਲੀਆ ਪਹੁੰਚ ਗਏ ਸਨ। ਕੈਨੇਡਾ ਵਿਚ ਰਹਿਣ ਵਾਲੀ ਅਫ਼ਗਾਨਿਸਤਾਨ ਮਹਿਲਾ ਰਾਸ਼ਟਰੀ ਟੀਮ ਦੀ ਕਪਤਾਲ ਫਰਖੁੰਡਾ ਮੁਹਤਾਜ ਨੇ ਕਿਹਾ, ‘ਪਰ 14 ਤੋਂ 16 ਸਾਲਾ ਕੁੜੀਆਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਹੁਣ ਵੀ ਤਾਲਿਬਾਨ ਨਿਸ਼ਾਨਾ ਬਣਾ ਸਕਦਾ ਹੈ। ਸਿਰਫ਼ ਇਸ ਲਈ ਨਹੀਂ ਕਿ ਤਾਲਿਬਾਨ ਦੇ ਸ਼ਾਸਨ ਵਿਚ ਔਰਤਾਂ ਅਤੇ ਕੁੜੀਆਂ ਨੂੰ ਖੇਡਾਂ ਖੇਡਣ ਤੋਂ ਇਨਕਾਰ ਕੀਤਾ ਜਾਂਦਾ ਹੈ, ਸਗੋਂ ਇਸ ਲਈ ਵੀ ਕਿ ਉਹ ਕੁੜੀਆਂ ਦੇ ਅਧਿਕਾਰਾਂ ਦੀ ਪੈਰੋਕਾਰ ਅਤੇ ਉਨ੍ਹਾਂ ਦੇ ਭਾਈਚਾਰਿਆਂ ਦੀਆਂ ਸਰਗਰਮ ਮੈਂਬਰ ਸਨ। ਮੁਹਤਾਜ ਲਗਾਤਾਰ ਉਨ੍ਹਾਂ ਕੁੜੀਆਂ ਦੇ ਸੰਪਰਕ ਵਿਚ ਹੈ ਅਤੇ ਉਨ੍ਹਾਂ ਨੂੰ ਸੰਜਮ ਵਰਤਣ ਲਈ ਕਹਿ ਰਹੀ ਹੈ।’

ਉਨ੍ਹਾਂ ਕਿਹਾ, ‘ਉਹ ਪਰੇਸ਼ਾਨ ਹੈ, ਜਿਸ ਸਥਿਤੀ ਵਿਚ ਉਹ ਹੈ ਉਸ ਤੋਂ ਉਹ ਨਿਰਾਸ਼ ਹੈ।’ ਮੈਕਕ੍ਰੇਰੀ ਨੇ ਕਿਹਾ ਕਿ ਮਿਸ਼ਨ ‘ਆਪਰੇਸ਼ਨ ਸੌਕਰ ਬਾਲਜ਼’ ਹੋਰ ਦੇਸ਼ਾਂ ਨਾਲ ਮਿਲ ਕੇ ਇਸ ਉਮੀਦ ਵਿਚ ਜਾਰੀ ਹੈ ਕਿ ਕੁੜੀਆਂ ਨੂੰ ਸੁਰੱਖਿਅਤ ਅਮਰੀਕਾ ਲਿਆਇਆ ਜਾਏਗਾ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ, ਫਰਾਂਸ ਅਤੇ ਕਤਰ ਨੇ ਮਦਦ ਕਰਨ ਦੀ ਇੱਛਾ ਜਾਹਰ ਕੀਤੀ ਹੈ। ਉਨ੍ਹਾਂ ਨੇ ਨਾਲ ਹੀ ਤਾਲਿਬਾਨ ਨੂੰ ਵੀ ਸਮੂਹ ਨੂੰ ਬਾਹਰ ਕੱਢਣ ਦੀ ਰਾਹ ਆਸਾਨ ਕਰਨ ਦੀ ਅਪੀਲ ਕੀਤੀ, ਜਿਸ ਨਾਲ ਸਦਭਾਵਨਾ ਪੈਦਾ ਹੋਵੇਗੀ।


author

cherry

Content Editor

Related News